ਮੇਰੇ ਘਰ ਵਿੱਚ ਬੋਲ ਤੇਰੇ, ਸੁਣਦਾਂ ਤਾਂ ਇਹ ਲੱਗਦੈ, ਜਿਵੇਂ ਰੱਬ ਕਿਤੇ ਕੋਲ਼ ਮੇਰੇ.



Your voice through my house sweeps,

To me it feels as if God speaks.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਮੇਰੇ ਘਰ ਵਿੱਚ ਬੋਲ ਤੇਰੇ,

ਸੁਣਦਾਂ ਤਾਂ ਇਹ ਲੱਗਦੈ, 

ਜਿਵੇਂ ਰੱਬ ਕਿਤੇ ਕੋਲ਼ ਮੇਰੇ.

 

ਤੇਰੇ ਲਹੂ ਵਿੱਚ ਇਹ ਲਿਖਿਆ,

ਨਦੀਆਂ ਪੀ ਕੇ ਵੀ

ਤੇਰੀ ਮਿਟਣੀ ਨਹੀਂ ਤੇਹ ਲਿਖਿਆ.

 

ਰੰਗ ਪੀਲ਼ੇ ਨੇ ਬੱਲੀਆਂ ਦੇ,

ਤੇਹਾਂ ਕੋਲੋਂ ਪੁੱਛ-ਪੁੱਛ ਕੇ

ਡੇਰੇ ਲੱਭ ਲਈਂ ਤਸੱਲੀਆਂ ਦੇ.

 

ਕੋਈ ਮਸਤੀ ਪੀ ਰਹੇ ਆਂ,

ਪਹਿਲਾਂ ਬੱਸ ਦਿਨ ਹੀ ਕੱਟੇ

ਤੂੰ ਮਿਲਿਆ ਤਾਂ ਜੀ ਰਹੇ ਹਾਂ.

ਦਿਲ

ਕੱਦ ਐਡਾ ਹੈ ਕਿ

ਆਕਾਸ਼ 'ਤੇ ਪਰਛਾਵਾਂ ਹੈ,

ਨਾਮ ਐਨਾ ਹੈ ਕਿ

ਚੰਨ ਵਰਗਾ ਸਿਰਨਾਵਾਂ ਹੈ;

 

ਬਹੁਤ ਸਮਰੱਥ ਨੇ ਉਹ,

ਬਹੁਤ ਹੀ ਤਾਕਤਵਰ ਨੇ,

ਪਰ

ਉਹ ਵੀ ਮਜਬੂਰ ਨੇ

ਦਿਲ ਦੇ ਹੱਥੋਂ;

 

ਦਿਲ ਜਦੋਂ

ਇੱਕ ਵੀ ਨਹੀਂ ਸੁਣਦਾ,

ਉਹ ਵੀ ਹੋ ਜਾਂਦੇ ਨੇ ਹੌਕਾ-ਹੌਕਾ

ਉਹ ਵੀ ਬਣ ਜਾਂਦੇ ਨੇ ਤਰਲਾ-ਤਰਲਾ

ਉਹ ਵੀ ਡੁੱਲ੍ਹ ਜਾਂਦੇ ਨੇ ਕਤਰਾ-ਕਤਰਾ

ਤੇ ਕਿਸੇ ਦਰ 'ਤੇ

ਕਿਸੇ ਦੇਹਲ਼ੀ 'ਤੇ

ਉਹ ਵੀ ਵਿਛ ਜਾਂਦੇ ਨੇ ਸਜਦਾ ਬਣ ਕੇ.

ਤੇਰਾ ਜਿਸਮ

ਜੋ ਤੇਰੇ ਜਿਸਮ ਦਾ

ਸਤਿਕਾਰ ਨਹੀਂ ਕਰਦੇ

ਤੇ ਦੱਸਦੇ ਨੇ

ਕਿ ਤੇਰਾ ਜਿਸਮ 

ਕੇਵਲ ਨਰਕ ਦੀ ਦਹਿਲੀਜ਼ ਹੈ,

ਉਨ੍ਹਾਂ ਦੀ ਸਮਝ ਵਿੱਚ

ਕੋਈ ਦੋਸ਼ ਹੈ ਕਿਧਰੇ,

ਉਨ੍ਹਾਂ ਦਾ ਸੱਚ ਅਧੂਰਾ ਹੈ.

 

ਮੇਰੇ ਲਈ ਜਿਸਮ ਤੇਰਾ

ਇੱਕ ਪਵਿੱਤਰ ਨਦੀ ਹੈ:

ਇਸ ਦੇ ਨੀਰ ਤੋਂ

ਮੇਰੀ ਆਸ ਦੀ ਖੇਤੀ ਹਰੀ ਹੈ,

ਤੇ ਮੇਰੇ ਸੁਪਨਿਆਂ ਦੀ

ਫ਼ਸਲ ਪੱਕਦੀ ਹੈ.

 

ਤੇਰੇ ਜਿਸਮ ਦੀ ਪਾਵਨ ਨਦੀ ਵਿੱਚ

ਮੈਂ ਅਪਣੇ ਪਾਪ ਧੋਂਦਾ ਹਾਂ

ਤੇ ਇਹ ਵੀ ਜਾਣਦਾ ਹਾਂ

ਏਸ ਦੇ ਕੰਢੇ 'ਤੇ ਬਹਿ ਕੇ ਹੀ

ਕਦੇ ਮੈਂਨੂੰ

ਮੇਰਾ ਨਿਰਵਾਣ ਮਿਲਣਾ ਹੈ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਸਬਜ਼ੀ ਵਾਲ਼ੀ/ ਰਾਧੇਲਾਲ ਬਿਜਘਾਵਨੇ

 

 

 

 

Post a Comment

0 Comments