ਡੁੱਬ-ਡੁੱਬ ਕੇ ਤਰੇਂ ਸੱਜਣਾਂ, ਆਪਣੇ 'ਚੋਂ ਲੱਭ ਓਸਨੂੰ ਜੀਹਨੂੰ ਸਜਦੇ ਕਰੇਂ ਸੱਜਣਾਂ!

For whom you always sink or swim,

Go into your heart to be with Him.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਪਾਓਂਦਾ ਰਹੇਂ, ਖੋਂਦਾ ਰਹੇਂ,

ਸਮਝੇਂ ਤਾਂ ਰੱਬ ਬਣਜੇਂ,

ਨਹੀਂ ਤਾਂ ਮੰਗਦਾ ਰਹੇਂ, ਰੋਂਦਾ ਰਹੇਂ.

 

ਪਹਿਲਾਂ ਖੱਟਣੀ, ਤਾਂ ਖਾਣੀ ਏਂ,

ਪਾਰ ਸਮੁੰਦਰਾਂ ਦੇ,

ਬੱਸ ਇਹੀਓ ਹੀ ਕਹਾਣੀ ਏਂ.

 

ਐਵੇਂ ਮਿੱਟੀ ਨੂੰ ਫਰੋਲ਼ਦਾ ਫਿਰੇਂ,

ਰੱਬ ਤੇਰੀ ਰਾਹ ਤੱਕਦਾ,

ਜਿੰਦ ਚੀਜ਼ਾਂ ਪਿੱਛੇ ਰੋਲ਼ਦਾ ਫਿਰੇਂ.

 

ਔਖੇ ਪੈਂਡੇ ਮੈਂ ਮੁਕਾ ਲੈਨਾਂ,

ਜਿੱਥੇ ਕਿਤੇ ਰਾਤ ਪਵੇ

ਤੇਰੇ ਬੋਲ ਜਗਾ ਲੈਨਾਂ.

 

ਡੁੱਬ-ਡੁੱਬ ਕੇ ਤਰੇਂ ਸੱਜਣਾਂ,

ਆਪਣੇ 'ਚੋਂ ਲੱਭ ਓਸਨੂੰ

ਜੀਹਨੂੰ ਸਜਦੇ ਕਰੇਂ ਸੱਜਣਾਂ!

ਜ਼ਰੂਰੀ ਕੀ?

ਹਾਂ  

ਜ਼ਰੂਰੀ ਹੈ ਬਹੁਤ

ਅੱਖ ਨੂੰ ਨਸ਼ਿਆਓਂਦੇ ਹੋਏ

ਦਿਲ ਨੂੰ ਗਰਮਾਓਂਦੇ ਹੋਏ

ਮਨ ਨੂੰ ਭਰਮਾਓਂਦੇ ਹੋਏ

ਰੂਹ ਨੂੰ ਰੁਸ਼ਨਾਓਂਦੇ ਹੋਏ

ਪੈਰਾਂ 'ਚ ਨਾਚ ਰਚਾਓਂਦੇ ਹੋਏ

ਕਿੰਨੇ ਹੀ ਸੁਪਨਿਆਂ ਦਾ ਸਾਥ ਰਹੇ.

 

ਹਾਂ

ਜ਼ਰੂਰੀ ਹੈ ਬਹੁਤ

ਜਸ਼ਨ ਰਹਿਣ

ਮਹਿਫ਼ਲਾਂ 'ਚ ਜੋਸ਼ ਰਹੇ,

ਤੇ ਇਨ੍ਹਾਂ ਜਸ਼ਨਾਂ

ਅਤੇ ਮਹਿਫ਼ਲਾਂ 'ਚ ਕਦੇ-ਕਦੇ

ਮੇਰਾ ਵੀ ਜ਼ਿਕਰ ਰਹੇ;

ਮੈਂ ਵੀ ਜਾ ਬੈਠਾਂ ਜਦੋਂ ਜੀ ਚਾਹੇ

ਰੌਸ਼ਨੀ ਦੇ ਦਾਇਰੇ ਵਿੱਚ.

 

ਪਰ ਇਨ੍ਹਾਂ ਸੁਪਨਿਆਂ ਤੇ ਸ਼ੋਹਰਤਾਂ ਤੋਂ

ਬਹੁਤ, ਬਹੁਤ, ਬਹੁਤ ਜ਼ਰੂਰੀ ਨੇ

ਇੱਕ ਬੇਰੋਗ ਜਿਸਮ,

ਪਿਆਸ ਤੇ ਪਾਣੀ,

ਭੁੱਖ ਤੇ ਰੋਟੀ,

ਦਿਨ ਲਈ ਕੰਮ,

ਨੀਂਦ ਰਾਤਾਂ ਲਈ -

ਆਮ ਜਿਹੀ ਜ਼ਿੰਦਗੀ ਦੇ

ਆਮ ਜਿਹੇ ਲੱਗਦੇ ਸੁੱਖ.

 

ਸਾਰਿਆਂ ਸੁਪਨਿਆਂ

ਸਭ ਸ਼ੋਹਰਤਾਂ ਤੋਂ

ਬਹੁਤ, ਬਹੁਤ ਬਿਹਤਰ ਹੈ

ਕਿ ਮੇਰੇ ਨਿੱਘੇ ਜਿਹੇ ਘਰ 'ਚ ਮੇਰੇ ਕੋਲ਼ ਰਹਿਣ

ਮਾਂ ਦੀਆਂ ਝੁਰੜੀਆਂ 'ਚ ਲਿੱਖੇ ਹੋਏ ਉੱਪਨਿਸ਼ਦ,

ਕਿਰਤ ਨਾਲ ਮਹਿਕੇ ਹੋਏ ਪਤਨੀ ਦੇ ਪੱਲੂ ਵਿੱਚੋਂ

ਕਿਰਦੇ ਹੋਏ ਕਿੰਨੇਂ ਹੀ, ਕਿੰਨੇਂ ਹੀ ਸਕੂਨ,

ਆਪਣੇ ਬੱਚਿਆਂ ਦੇ ਨੈਣਾਂ 'ਚ ਜਗਦੇ ਚੰਨ-ਸੂਰਜ.

ਖ਼ੂਬਸੂਰਤ ਪਲ

ਜੇ ਮੈਥੋਂ ਪੁੱਛਦੇ ਹੋ

ਕਿ ਜੀਵਨ ਦੇ

ਕਿਹੜੇ ਪਲ ਖ਼ੂਬਸੂਰਤ ਨੇ

ਤਾਂ ਮੈਂ ਏਹੀ ਕਹਾਂਗਾ

ਕਿ ਬੱਸ ਉਹ ਪਲ ਹੀ ਸੁੰਦਰ ਨੇ

ਜਿਨ੍ਹਾਂ ਵਿੱਚ

ਬੁੱਲ੍ਹਾਂ 'ਤੇ ਥਿਰਕਦੀ ਸੋਹਲ ਜਿਹੀ ਹਾਸੀ

ਤੇ ਪਲਕਾਂ ਵਿੱਚ ਲਰਜ਼ਦੇ ਅੱਥਰੂ

ਇਕੱਠੇ ਜਨਮ ਲੈਂਦੇ ਨੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਨਕਲੀ ਖੰਭ ਲਗਾ ਕੇ ਬਾਵਾ ਉੱਡ ਰਿਹੈ

 

 

 

 

 

Post a Comment

0 Comments