ਗ਼ਜ਼ਲ / ਸੁਲੱਖਣ ਸਰਹੱਦੀ
ਕਰੋੜਾਂ
ਕਿਣਕਿਆਂ ਵਿਚ ਸਨ ਅਸੰਖਾਂ ਤੜਫਦੇ ਸੂਰਜ।
ਹਨੇਰਾ ਘਰ
ਮੇਰਾ ਛੱਡ ਕੇ ਨੇ ਕਿੱਥੇ ਤੁਰ ਗਏ ਸੂਰਜ !
ਸਦਾ ਹੀ
ਨ੍ਹੇਰ ਵਿਚ ਛਡ ਕੇ ਅਸਾਨੂੰ ਡੁੱਬ ਜਾਂਦਾ ਹੈ,
ਜਦੋਂ ਪਰ
ਚੜ੍ਹਦਾ ਹੈ ਤਾਂ ਚੜ੍ਹਦੈ ਜਾਕੇ ਦਿਨ ਚੜ੍ਹੇ ਸੂਰਜ !
ਜਦੋਂ ਵੀ
ਠੰਢੀਆਂ ਛਾਵਾਂ ਦਾ ਮੈਨੂੰ ਖ਼ਾਬ ਅਉਂਦਾ ਹੈ।
ਤਾਂ ਮੇਰੇ
ਹਿੱਸੇ ਦੇ ਸਭ ਰੁੱਖਾਂ ਹੇਠਾਂ ਆ ਬਲੇ ਸੂਰਜ !
ਕਦੇ ਵੀ
ਚੌਂਕੀਦਾਰਾਂ ਦੇ ਇਹ ਠਰਦੇ ਵਿਹੜੀਂ ਨਾ ਆਵੇ,
ਠਰੇ ਮੌਸਮ 'ਚ ਲੰਬੜਾਂ ਦਾ ਪ੍ਰਾਹਣਾ ਹੀ ਰਹੇ ਸੂਰਜ।
ਅਸਾਡੇ ਪਿੰਡ
ਦੀਆਂ ਜੂਹਾਂ ਦਾ ਕੋਰਾ ਧੋਣ ਤੋਂ ਮੁਨਕਰ,
ਮਹੱਲਾਂ
ਕਲਸਾਂ ਦੇ ਚਾਕਰ ਤੁਹਾਡੇ ਸ਼ਹਿਰ ਦੇ ਸੂਰਜ।
ਜਦੋਂ ਵੀ
ਬੁਝਣ ਲਗਦਾ ਹੈ ਤਾਂ ਇੰਜ ਹੀ ਭਬਕਦੈ ਦੀਵਾ,
ਜ਼ਲਾਲੀ ਬਹੁਤ
ਹੁੰਦੇ ਨੇ ਕਿ ਢਲਦੇ ਡੁੱਬਦੇ ਸੂਰਜ।
ਵਈਂ ਖ਼ੁਦ
ਤਾਂ ਨਹੀਂ ਕਾਲੀ, ਵਈਂ ਦਾ ਪਾਣੀ ਕਾਲਾ ਹੈ,
ਕਿ
ਕਾਲੇ-ਪਾਣੀਆਂ ਸਾਡੇ ਹਜ਼ਾਰਾਂ ਖਾ ਲਏ ਸੂਰਜ।
ਮੇਰੇ ਅੰਦਰ
ਦਾ ਨ੍ਹੇਰਾ ਸ਼ੂਕਦਾ ਤੇ ਤਿਲਮਲਾਉਂਦਾ ਹੈ,
ਦਰਾੜਾਂ
ਮੇਰੀਆਂ 'ਚੋਂ ਜਦ ਕਦੇ ਹਨ ਝਾਕਦੇ ਸੂਰਜ।
ਕਹੋ ਹੁਣ
ਨ੍ਹੇਰ-ਗਰਦਾਂ ਨੂੰ ਕਿ ਮੈਨੂੰ ਨਾ ਵੰਗਾਰਨ ਉਹ,
ਮੇਰੇ ਮੱਥੇ 'ਚ ਸਰਹੱਦੀ ਹਜ਼ਾਰਾਂ ਬਲ ਪਏ ਸੂਰਜ।
2
ਗ਼ਜ਼ਲ / ਸੁਲੱਖਣ ਸਰਹੱਦੀ
ਨਿਊਯਾਰਕ
ਸੋਨੇ ਦੇ ਡਾਲਰ ਓਥੇ ਕਾਰਾਂ ਵਿਕਣਗੀਆਂ।
ਸਸਤੇ ਟਕਿਆਂ
ਵਾਲੇ ਵਤਨੀਂ ਤਾਂ ਤਲਵਾਰਾਂ ਵਿਕਣਗੀਆਂ।
ਪਾਟੀਆਂ ਨੇ
ਸਲਵਾਰਾਂ ਜਿੱਥੇ, ਓਥੇ ਬੁਰਕੇ ਵਿਕਦੇ ਹਨ,
ਸੁੱਚੇ ਸਿਲਕ
ਦੀ ਮੰਡੀ ਵਿਚ ਨੰਗੀਆਂ ਮੁਟਿਆਰਾਂ ਵਿਕਣਗੀਆਂ।
ਬੱਸੀ, ਉੱਲੀ-ਮਾਰੀ ਸਬਜ਼ੀ, ਤਾਂ ਕੁੱਤੇ ਵੀ ਨਹੀਂ ਖਾਂਦੇ,
ਖੂਨ ਦਾ ਤੜਕਾ
ਲੱਗੇਗਾ ਤਾਂਹੀ ਅਖ਼ਬਾਰਾਂ ਵਿਕਣਗੀਆਂ।
ਚਾਂਦਨੀ ਚੌਂਕ
ਦੇ ਮੁਗਲ ਵਪਾਰੀ ਅੱਜਕਲ ਸੀਸ ਨਹੀਂ ਮੰਗਦੇ,
ਹੁਣ ਦਸਤਾਰਾਂ
ਦੀ ਹੈ ਮਹਿਮਾ ਹੁਣ ਦਸਤਾਰਾਂ ਵਿਕਣਗੀਆਂ।
ਲੇਬਰ ਚੌਕਾਂ
ਵਿਚ ਇਕੱਲੇ ਹੁਣ ਮਜ਼ਦੂਰ ਨਹੀਂ ਵਿਕਣੇ,
ਮਜ਼ਦੂਰਾਂ
ਸੰਗ ਛੋਟੇ, ਫਿਟਕਾਂ, ਹੋੜਾਂ, ਆਰਾਂ ਵਿਕਣਗੀਆਂ।
ਮਾਵਾਂ ਦਾ ਹੀ
ਦੁੱਧ ਪੀਵਣਗੇ ਬਾਲ ਮਹੱਲਾ ਵਾਲੇ ਵੀ,
ਮੱਝਾਂ ਗਾਵਾਂ
ਵਾਂਗਰ ਹੀ ਮਾਵਾਂ ਦੀਆਂ ਧਾਰਾਂ ਵਿਕਣਗੀਆਂ।
ਇਕ ਇਕ ਕਰਕੇ
ਫੁੱਲ ਵੇਚਣ ਦੀ ਛੱਡ ਗਰੀਬੀ ਭਾਰਤ ਦੇਸ਼,
ਆ ਗਿਆ ਹੈ
ਅਮਰੀਕਾ ਤੇਰੀਆਂ ਸਭ ਗੁਲਜ਼ਾਰਾਂ ਵਿਕਣਗੀਆਂ।
ਉਹ ਕੰਜਕਾਂ
ਦੇ ਕੱਚੇ ਜਿਸਮ ਤੇ ਝੂਠੇ ਹਾਸਿਉਂ ਅੱਕ ਚੁੱਕੇ,
ਸ਼ੈਖਾਂ ਦੇ
ਮਨੋਰੰਜਨ ਲਈ ਹੁਣ ਚੀਕ ਪੁਕਾਰਾਂ ਵਿਕਣਗੀਆਂ।
ਬਸਤਿਆਂ 'ਚੋਂ ਜੇ ਮਰਿਆਦਾ ਨੂੰ ਏਦਾਂ ਹੀ ਬਨਵਾਸ ਰਿਹਾ,
ਵੋਟਾਂ ਤਾਂ
ਕੀ ਵੋਟਾਂ ਸੰਗ ਬਣੀਆਂ ਸਰਕਾਰਾਂ ਵਿਚਣਗੀਆਂ।
3
ਗ਼ਜ਼ਲ / ਸੁਲੱਖਣ ਸਰਹੱਦੀ
ਉੱਡਦੇ ਬਾਜਾਂ
ਮਗਰ ਜਦ ਲੋਕੀਂ ਗੁਆਚੇ ਜੰਗਲੀਂ।
ਮਾਲਕੀ ਦੇ ਹਕ
ਲੈ ਕੇ ਆ ਵੜੇ ਸ਼ਿਕਰੇ ਘਰੀਂ।
ਮੰਡੀਆਂ ਵਿਚ
ਜਿਣਸਾਂ ਦੇ ਭਾਅ ਹਰੜਾਂ ਵਾਂਗੂੰ ਸੁਕ ਗਏ,
ਮੁਰਦੇ ਵਾਂਗਰ
ਫੁੱਲਦਾ ਜਾਂਦਾ ਹੈ ਕਰਜਾ ਕਾਗਜ਼ੀ।
ਫੜ੍ਹ
ਕਿਸਾਨਾਂ ਰੇਡੀਓ ਹੈ ਇਸਦੇ ਵਿਚ ਡੂੰਘਾ ਗਿਆਨ,
ਲੈਜਾ ਇਸ 'ਚੋਂ ਸੱਚ ਵਰਗਾ ਝੂਠ ਨਿਤ ਸੁਣਿਆ ਕਰੀਂ।
ਜਿਸ ਨੂੰ
ਪੈਂਤੀ ਆ ਗਈ ਉਹ ਪੜ੍ਹਿਆਂ ਵਿਚ ਹੋਇਆ ਸ਼ੁਮਾਰ,
ਹੁਣ ਤਾਂ
ਅਨਪੜ੍ਹਤਾ ਦੀ ਜਿੱਲਤ ਰਹਿਣੀ ਨਾ ਸਾਡੇ ਘਰੀਂ।
ਕੇਕ ਕੱਟਦੇ
ਬਾਲ ਮੇਰਾ ਵੀ ਨੇ ਪੁੱਛਦੇ ਜਨਮ ਦਿਨ,
ਖ਼ੁਦ ਨੂੰ
ਕਹਿੰਦਾ ਹਾਂ ਕਿ ਤੂੰ ਵੀ ਮਰਨੋਂ ਪਹਿਲਾਂ ਜੰਮ ਪਵੀਂ।
ਦਿੱਲੀ ਦਾ ਹੈ
ਉਹ ਮੁਸੱਵਰ ਉਸ ਅੱਗੇ ਕੀ ਸੋਭਾ ਸਿੰਘ ?
ਹੈ ਪਾਣੀ ਦੇ
ਖੰਭ ਰੇਤ ਉਤੇ ਮੱਛੀਆਂ ਦੀ ਤੈਰਨੀ।
ਆਉਣਾ ਸੀ ਤਾਂ
ਆਉਣੋਂ ਤੂੰ ਜਦ ਮਹਿਕ ਦੀ ਡਾਢੀ ਸੀ ਲੋੜ,
ਜਦ ਕਿ ਛਾਂ
ਦੀ ਲੋੜ ਸੀ ਤੇ ਰੁੱਤ ਸੀ ਜਦ ਕਾਸ਼ਨੀ।
ਜਗਦਾ ਦੀਵਾ
ਤੂੰ ਮੇਰੇ ਸਨਮਾਨ ਵਿਚ ਦਿੱਤਾ ਹੈ ਖੂਬ,
ਪਹਿਰਾ ‘ਵਾ ਦਾ ਸਖ਼ਤ ਹੈ ਜਦ ਪਿੰਡ ਦੇ ਸਾਰੇ ਹੀ ਦਰੀਂ।
ਇਸ ਚਮਨ ਦੇ
ਖੇੜੇ ਬਦਲੇ ਆਪਾਂ ਵੀ ਦਿੱਤਾ ਹੈ ਖੂਨ,
ਇਸ ਦੀ ਸਾਰੀ
ਮਹਿਕ ਹੀ ਨਾ ਝੋਲ ਅੰਦਰ ਭਰ ਲਵੀਂ।
4
ਗ਼ਜ਼ਲ / ਸੁਲੱਖਣ ਸਰਹੱਦੀ
ਹਰ ਤ੍ਰਿਸ਼ਨਾ
ਨੇ ਹੁਣ ਤ੍ਰਿਪਤੀ ਦਾ ਚੋਗਾ ਪਹਿਨ ਲਿਆ।
ਪਿਆਸ ਜਦੋਂ
ਦਿਲ 'ਚੋਂ ਹੀ ਮਰ ਗਈ ਹੁਣ ਕਿਸ ਕੰਮ ਦਰਿਆ?
ਮਿਰਗ
ਤ੍ਰਿਸ਼ਨਾ ਦਿਲ ਦਾ ਛਲ ਹੈ ਜਾਂ ਅੱਖ ਦਾ ਕਾਰਾ?
ਜਾਂ ਫਿਰ
ਮੇਰਾ ਅਕਸ ਹੀ ਪੀ ਗਿਆ ਪਾਣੀ ਦਰਪਣ ਦਾ?
ਆਪਣੇ ਨਾਲ
ਸੰਵਾਦ ਰਚਾਉਣੋਂ ਬਚਦਾ ਰਹਿੰਦਾ ਹਾਂ।
ਲੋਕਾਂ ਨਾਲ
ਸੰਵਾਦ ਰਚਾਉਣ ਦਾ ਕਰਨਾ ਢੌਂਗ ਜਿਹਾ।
ਲੰਮੀ ਉਮਰ ਦੇ
ਇਸ ਵਰਦਾਨ ਦਾ ਕੌਣ ਸਰਾਪ ਸਹੇ ?
ਅੰਤਰ ਆਤਮਾ 'ਚੋਂ ਜਦ ਮਰਨ ਦਾ ਖੌਫ ਨਹੀਂ ਮਿਟਦਾ।
ਦਿਲ ਸੀ, ਜਦ ਬਰਸਾਤ ਆਈ ਤਾਂ ਮੌਜਾਂ ਲੁੱਟਾਂਗੇ,
ਐਪਰ ਆਪਾਂ
ਵਿੰਹਦੇ ਰਹਿ ਗਏ ਬੱਦਲ ਬਰਸ ਗਿਆ।
ਸਿਰ ਚੁੱਕਣ
ਦੀ ਗੱਲ ਕਰਦਾ ਸੀ ਘਾਹ ਨੂੰ ਸੀ ਨਿੰਦਦਾ,
ਉਹ ਜਦ ਬਣਿਆ
ਸਰੂ ਤਾਂ ਉਸ ਨੂੰ ਕਬਰੀ ਲਾ ਦਿੱਤਾ।
ਹਰ ਤਾਰਾ ਹੈ
ਮੁਖੜਾ ਤੇਰਾ ਫੁੱਲ ਫੁੱਲ ਮਹਿਕ ਤੇਰੀ,
ਤੇਰੀ ਯਾਦ 'ਚ ਹਰ ਜੱਰਾ ਹੈ ਮਣਕਾ
ਮਾਲਾ ਦਾ।
ਦਿਲ ਨੂੰ ਰੰਜ
ਦੀ ਨੇਜਾ-ਨੋਕ ਤੇ ਜਦ ਮੁਸਕਾਉਣਾ ਪਏ,
ਰਿਸ਼ਤਿਆਂ ਦੇ
ਰੁੱਖ ਰੁੱਖ ਦੀ ਅੱਖੋਂ ਪਾਣੀ ਹੈ ਸਿੰਮਦਾ।
ਰੇਤ 'ਚੋਂ ਐ ਸਰਹੱਦੀ ਆਖਰ ਪਾਣੀ ਸਿੰਮ ਜਾਣੇਂ,
ਚੰਚਲ ਪਾਣੀ
ਕੀ ਜਾਣੇ ਕੀ ਦਰਦ ਹੈ ਰੇਤਾ ਦਾ।
ਸੰਪਰਕ
-94174-84337
ਇਹ ਵੀ ਪੜ੍ਹੋ -
1 Comments
ਖੂਬਸੂਰਤ ਗ਼ਜ਼ਲਾਂ ਉਸਤਾਦ ਜੀ
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.