ਦੋਹੇ ਅਤੇ ਨਜ਼ਮ / ਨਿਰਮਲ ਦੱਤ

ਨਿਰਮਲ ਦੱਤ ਦਾ ਹਫ਼ਤਾਵਾਰੀ ਕਾਲਮ

 ਸ਼ਬਦ ਚਾਨਣੀ---ਨਿਰਮਲ ਦੱਤ

 


ਦੋਹੇ

 

ਬੱਸ ਕੰਡਿਆਂ ਨੂੰ ਵੇਖਣਾ ਫੁੱਲਾਂ ਦਾ ਅਪਮਾਨ,

ਸਿੱਖ ਫੁੱਲਾਂ ਤੋਂ ਮਹਿਕਣਾ, ਲਿਖ ਮੁੱਖ 'ਤੇ ਮੁਸਕਾਨ.

 

ਜੇ ਕੋਈ ਕਿਧਰੇ ਦੁੱਖ ਹੈ, ਸੁੱਖ ਵੀ ਉਸ ਦੇ ਪਾਸ,

ਜਿੱਦਾਂ ਕਾਲ਼ੀ ਰਾਤ ਸੰਗ ਦਿਨ ਦਾ ਸਦਾ ਨਿਵਾਸ.

 

ਫਿਰ ਇੱਕ ਸੂਰਜ ਉੱਗਿਆ, ਕਿਰਨ-ਕਿਰਨ ਸੰਸਾਰ,

ਹਰ ਇੱਕ ਹੰਝੂ ਹੱਸ ਪਿਆ ਲਾਹ ਕੇ ਮਨ ਦਾ ਭਰ.

 

ਫਿਰ ਇੱਕ ਸੂਰਜ ਡੁੱਬਿਆ, ਦੁਨੀਆਂ ਕਰੇ ਵਿਲਾਪ,

ਹਰ ਹਾਸੇ ਨੂੰ ਚੜ੍ਹ ਗਿਆ ਫਿਰ ਹੰਝੂਆਂ ਦਾ ਤਾਪ.

 

ਦੁੱਖ ਦੀ ਸਮਝ ਹੈ ਲਾਜ਼ਮੀਂ, ਦੁੱਖ 'ਚੋਂ ਜੰਮੇਂ ਸੁੱਖ,

ਰੱਜਣ ਦਾ ਸੁੱਖ ਨਾ ਮਿਲੇ, ਦੁੱਖ ਨਾ ਦਏ ਜੇ ਭੁੱਖ.

 

ਨਜ਼ਮ

 


ਅੰਤਰ ਯਾਤਰਾ

 

ਇਹ ਕੋਈ ਵਹਿਮ

ਕੋਈ ਵਹਿਸ਼ਤ

ਜਾਂ ਕੋਈ ਨੀਂਦ ਸੀ ਉਸਦੀ

ਉਹ ਅਕਸਰ ਵੇਖਦਾ ਸੀ

ਕਿ ਉਸਦੇ ਮੱਥੇ ਉੱਤੇ

ਰਿਸਦਾ ਹੋਇਆ ਜ਼ਖ਼ਮ ਹੈ ਇੱਕ

ਤੇ ਉਹ ਇੱਕ ਬੇਵਸੀ ਤੋਂ ਬੇਵਸੀ ਤੱਕ

                           ਭਟਕਦਾ ਸੀ.

 

ਨਾ ਉਸ ਨੂੰ ਰੰਗ ਜਚਦੇ ਸੀ

ਨਾ ਉਸ ਨੂੰ ਸਾਜ਼ ਜਚਦੇ ਸੀ

ਨਾ ਉਸ ਨੂੰ ਜਾਮ ਜਚਦੇ ਸੀ

ਤੇ ਨਾ ਹੀ ਨਿਰਤ ਦੇ ਅੰਦਾਜ਼ ਜਚਦੇ ਸੀ.

 

ਹਜ਼ਾਰਾਂ ਖ਼ੌਫ਼ ਸਨ

ਦਹਿਸ਼ਤ ਕੋਈ ਇੱਕ ਸੁਲਘਦੀ ਹੋਈ

ਕਿ ਉਸਦੀ ਰਾਤ ਵੀ ਜਲ਼ਦੀ ਸੀ

ਉਸ ਦੇ ਦਿਨ ਵੀ ਮਚਦੇ ਸੀ.

 

ਓਹਦੀ ਪਤਨੀ

ਓਹਦੇ ਬੱਚੇ ਵਿਚਾਰੇ

ਪੁੱਛਦੇ ਰਹੇ ਬੋਧ-ਬਿਰਖਾਂ ਤੋਂ

ਕਿ ਇਹ ਜੋ ਆਪਣੇ ਤੋਂ ਦੂਰ ਹੈ

ਕਦ ਤੱਕ ਮੁੜੇਗਾ ਆਪਣੇ ਤੱਕ.

 

ਕਈ ਬੇ-ਸੁਰ ਜਿਹੀਆਂ ਰੁੱਤਾਂ

ਕਈ ਬੇ-ਤਾਲ ਜਿਹੇ ਮੌਸਮ

ਗੁਜ਼ਰ ਚੁੱਕੇ ਨੇ ਹੁਣ ਜਦ

ਉਹ ਜਿਹੜਾ ਆਪਣੇ ਤੋਂ ਦੂਰ ਸੀ

ਅੰਤਰ ਯਾਤਰਾ ਪਿੱਛੋਂ

ਆਪਣੇ ਤੱਕ ਪਰਤ ਆਇਆ ਹੈ.

 

ਓਹਦੇ ਸਭ ਇਸ਼ਟ

ਸਾਰੇ ਦੇਵਤੇ

ਓਹਦੇ ਸਜਦੇ

ਓਹਦੀ ਪੂਜਾ

ਤੇ ਉਸਦੀ ਆਰਤੀ

ਓਹਦੇ ਚਿਹਰੇ 'ਤੇ ਫ਼ੈਲੇ ਨੂਰ ਵਿਚੋਂ

ਨਜ਼ਰ ਆਓਂਦੇ ਨੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਸੁਲੱਖਣ ਸਰਹੱਦੀ ਦੀਆਂ ਚਾਰ ਗ਼ਜ਼ਲਾਂ

 

 

             

 

Post a Comment

0 Comments