ਜਗੀਰ ਸੱਧਰ ਦੀਆਂ ਦੋ ਗ਼ਜ਼ਲਾਂ

ਗ਼ਜ਼ਲ / ਜਗੀਰ ਸੱਧਰ 


ਕਿੰਨੀਆਂ ਖੁੱਲਾਂ ਸਨ ਬਚਪਨ ਵਿਚ

ਕਿੰਨਾਂ ਵਕਤ ਸੁਖਾਵਾਂ ਸੀ

ਜਿੱਥੇ ਤੂੰ ਤੇ ਮੈਂ ਮਿਲਦੇ ਸਾਂ

ਕਿੰਨੀਆਂ ਪਿਆਰੀਆਂ ਥਾਂਵਾਂ ਸੀ

 

ਜਦ ਮੈਂ ਸੁਣਿਆਂ ਤੂੰ ਆਈ ਏਂ

ਨੰਗੇ ਪੈਰੀਂ ਦੌੜ ਪਿਆ

ਬੂਹਾ ਖੋਲ੍ਹ ਕੇ ਜਦ ਮੈਂ ਤੱਕਿਆ

ਉਹ ਤੇਰਾ ਪਰਛਾਵਾਂ ਸੀ

 

ਮੈਂ ਪਰਦੇਸੀ ਵਰ੍ਹਿਆਂ-ਬੱਧੀ

ਵਤਨੋਂ ਦੂਰ ਜਿਉਂਕੇ ਆਇਆਂ

ਮੈਂ ਸਾਂ ਕੁਝ ਕਿਤਾਬਾਂ ਸਨ

ਕੁਝ ਨਵ-ਲਿਖੀਆਂ ਕਵਿਤਾਵਾਂ ਸੀ

 

ਵਕਤ ਗਵਾਚੇ ਮੋੜ ਲਿਆਵੋ

ਖ਼ਵਰੇ ਕਿਧਰ ਨੂੰ ਤੁਰ ਗਏ

ਦੁੱਧ ਨਾਲੋਂ ਸਨ ਮਿੱਠੇ ਰਿਸ਼ਤੇ

ਮਾਂਵਾਂ ਠੰਡੀਆਂ ਛਾਂਵਾਂ ਸੀ

 

ਮੈਂ ਤੱਕਿਆ ਚੁਰਾਹੇ ਅੰਦਰ

ਲਾਸ਼ ਸੀ ਮੇਰੀ ਨਗਨ ਪਈ

ਲਾਸ਼ ਦੁਆਲੇ ਝੁਰਮਟ ਪਾਇਆ

ਕੁਝ ਗਿੱਰਝਾਂ ਕੁਝ ਕਾਂਵਾਂ ਸੀ

 

ਹੁਣ ਤਾਂ ਸੁਣਿਆ ਜੇਹਲਾਂ ਦੀ ਵੀ

ਹਾਲਤ ਕੁਝ ਕੁਝ ਸੁਧਰ ਗਈ

ਜਦ ਕੈਦੀ ਹੁੰਦੇ ਸਾਂ ਆਪਾਂ

ਕਿੰਨੀਆਂ ਸਖ਼ਤ ਸਜ਼ਾਵਾਂ ਸੀ

 

ਕਿੰਨੇ ਤਰਸ ਗਏ ਸਾਂ ਆਪਾਂ

ਇਕ ਦੂਜੇ ਨੂੰ ਮਿਲਣ ਲਈ

ਕਦਮ ਕਦਮ ਤੇ ਪਿੱਛਾ ਸੱਧਰਾ

ਕਰਦੀਆਂ ਜਦੋਂ ਨਿਗਾਹਾਂ ਸੀ

ਗ਼ਜ਼ਲ / ਜਗੀਰ ਸੱਧਰ

ਢਿੱਡਾਂ ਚ ਜਦ ਵੀ ਸ਼ੋਹਲੇ ਭੁੱਖਾਂ ਦੇ ਭੜਕਦੇ ਨੇ

ਲੀਡਰ ਵਤਨ ਦੇ ਮੇਰੀਆਂ ਅੱਖਾਂ ਚ ਰੜਕਦੇ ਨੇ

 

ਉਹਨਾਂ ਨੂੰ ਕਦ ਮਿਲੇਗੀ ਥਾਂ ਸਿਰ ਲੁਕਾਉਣ ਜੋਗੀ,

ਖ਼ਾਨਾ-ਬਦੋਸ਼ ਨੇ ਜੋ .... ਵਾਸੀ ਸੜਕ ਦੇ ਨੇ

 

ਐਸ਼ਾਂ ਉਡਾਉਂਦੀ ਵੇਖੀ ...ਮੈਂ ਭੀੜ ਵਿਹਲੜਾਂ ਦੀ,

ਮਿਹਨਤਕਸ਼ਾਂ ਦੇ ਭਾਂਡੇ ਖ਼ਾਲੀ ਪਏ ਖੜਕਦੇ ਨੇ

 

ਨੇਤਾ ਦੀ ਕਾਰ ਆਉਂਦੀ ਘੱਟਾ ਜਦੋਂ ਉਡਾਉਂਦੀ,

ਦਿਲ ਬਸਤੀ ਵਾਲਿਆਂ ਦੇ ਧੱਕ ਧੱਕ ਧੜਕਦੇ ਨੇ

 

ਅੱਖਾਂ ਚੋਂ ਨੀਂਦ। ਉੱਡੀ ਮਨ ਚੋਂ ਕਰਾਰ ਗਾਇਬ,

ਬੱਦਲ ਮੁਸੀਬਤਾਂ ਦੇ ਪਏ ਸਿਰ ਤੇ ਕੜਕਦੇ ਨੇ

 

ਚਾਹੁੰਦਾ ਹਾਂ ਜਾਨ ਆਪਣੀ ਲਾਵਾਂ ਵਤਨ ਦੇ ਲੇਖੇ,

ਮੇਰੇ ਹੀ ਵਤਨ ਵਾਲੇ, ਮੈਨੂੰ ਪਏ ਹਟਕਦੇ ਨੇ

ਸੰਪਰਕ-

ਜੀਵਨ ਨਗਰ ,

ਫਰੀਦਕੋਟ

ਮੋਬਾਈਲ -98770-15302

ਇਹ ਵੀ ਪੜ੍ਹੋ -

ਦੋਹੇ ਅਤੇ ਨਜ਼ਮ / ਨਿਰਮਲ ਦੱਤ

 

Post a Comment

0 Comments