ਪੱਤਰਕਾਰਤਾ ਲੋਕਾਂ ਪ੍ਰਤੀ ਪ੍ਰਤੀਬੱਧਤਾ ਅਤੇ ਇਮਾਨਦਾਰੀ ਨਾਲ ਕਰਨ ਵਾਲਾ ਕਾਰਜ -ਰਾਜਾ ਗੋਪਾਲਨ

ਆਲ ਇੰਡੀਆ ਲਾਇਰਜ਼ ਯੂਨੀਅਨ ਦੀ 14ਵੀਂ ਕਾਨਫਰੰਸ ਦਾ ਦੂਜਾ ਦਿਨ

ਕੋਲਕਾਤਾ,30 ਦਸੰਬਰ    

(ਕੋਲਕਾਤਾ ਤੋਂ ਕਰਮ ਸਿੰਘ ਵਕੀਲ ਦੀ ਰਿਪੋਰਟ)

 ਆਲ ਇੰਡੀਆ ਲਾਇਰਜ਼ ਯੂਨੀਅਨ (ਆਈਲੂ) ਦੀ ਸਰਤ ਸਦਨ ਕੋਲਕਾਤਾ ਵਿਖੇ ਚਲ ਰਹੀ 14ਵੀਂ ਕਾਨਫਰੰਸ ਦੇ ਦੂਜੇ ਦਿਨ ਕੌਮੀ ਪ੍ਰਧਾਨ ਵਿਕਾਸ ਭਟਾਚਾਰੀਆ, ਜਨਰਲ ਸਕੱਤਰ ਪੀ ਵੀ ਸੁਰਿੰਦਰਨਾਥ, ਕੌਮੀ ਖਜਾਨਚੀ ਅਨਿਲ ਚੋਹਾਨ ਅਤੇ ਗੁਰਮੇਜ ਸਿੰਘ ਨੌਰਥ ਜੌਨ ਇੰਚਾਰਜ ਦੇ ਨਾਲ ਮੰਚ ਉਤੇ ਕੌਮੀ ਮੀਤ ਪ੍ਰਧਾਨ ਮੈਡਮ ਜੀ. ਚਮਕੀ ਰਾਜ, ਸੁਨਕਰ ਰਾਜਿੰਦਰਾ ਪ੍ਰਸ਼ਾਦ ਅਤੇ ਬੀ ਸਰਕਪਾ ਨੇ ਵੀ ਸ਼ਿਰਕਤ ਕੀਤੀ।

ਇਨਕਲਾਬੀ ਗੀਤਾਂ ਦੇ ਦੌਰ ਉਪਰੰਤ ਸਾਰੇ ਦੇਸ਼ ਤੋਂ ਆਏ ਤਕਰੀਬਨ 87  ਡੇਲੀਗੇਟਸ (ਸੂਬਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ) ਵਲੋਂ ਆਪਣੇ ਆਪਣੇ ਸੂਬਿਆਂ ਦੀ ਸੰਖੇਪ ਰਿਪੋਰਟ ਅਤੇ ਭਵਿੱਖੀ ਵਿਉਂਤਾਂ ਬਾਰੇ ਵਿਚਾਰ ਪੇਸ਼ ਕੀਤੇ ਗਏ। ਬੁਲਾਰੇ ਡੇਲੀਗੇਟਸ ਵਿਚੋਂ 22 ਔਰਤ ਡੇਲੀਗੇਟਸ ਨੇ ਵੀ ਵਿਚਾਰ ਪੇਸ਼ ਕੀਤੇ। ਕੌਮੀ ਕਾਨਫਰੰਸ ਦੌਰਾਨ ਸਿਰਫ ਜੰਮੂ - ਕਸ਼ਮੀਰ ਤੋਂ ਇਲਾਵਾ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕੁਲ 632 ਡੇਲੀਗੇਟਸ ਨੇ ਹਿਸਾ ਲਿਆ ਜਿਨ੍ਹਾਂ ਵਿੱਚ ਸਭ ਤੋਂ ਵੱਡਾ 163 ਡੇਲੀਗੇਟਸ ਦਾ ਜੱਥਾ ਕੇਰਲ ਤੋਂ ਆਇਆ ਸੀ।

ਰਾਜਾ ਗੋਪਾਲਨ ਵਿਚਾਰ ਪੇਸ਼ ਕਰਦੇ ਹੋਏ।
ਚੰਡੀਗੜ੍ਹ ਤੋਂ ਸ਼ਹਿਨਾਜ਼ ਮੁਹੰਮਦ ਗੋਰਸੀ, ਕਰਮ ਸਿੰਘ ਵਕੀਲ, ਰਣਵੀਰ ਸਿੰਘ ਚੌਹਾਨ, ਜਯਾ ਦੇਵੀ ਅਤੇ ਆਰ ਐੱਸ ਸਾਥੀ

ਸ਼ਾਮਿਲ ਹੋਏ। ਪੰਜਾਬ ਤੋਂ ਸਵਰਨ ਸਿੰਘ ਦਲਿਓ, ਕਰਨ ਕੁਮਾਰ ਰਾਏ, ਦਵਿੰਦਰ ਸਿੰਘ ਕੋਟਲੀ ਅਤੇ ਤੇਜਵੰਤ ਸਿੰਘ ਸੰਧੂ ਨੇ ਵੀ ਕਾਨਫਰੰਸ ਵਿਚ ਭਰਵੀਂ ਸ਼ਮੂਲੀਅਤ ਕੀਤੀ। ਹਰਿਆਣਾ ਤੋਂ ਸਾਥੀ ਗੁਰਮੇਜ ਸਿੰਘ ਅਤੇ ਕੁਲਦੀਪ ਸਿੰਘ ਦੀ ਰਹਿਨੁਮਾਈ ਵਿੱਚ ਅਤੇ ਹਿਮਾਚਲ ਪ੍ਰਦੇਸ਼ ਤੋਂ ਦਲੀਪ ਸਿੰਘ ਕੈਥ ਦੀ ਰਹਿਨੁਮਾਈ ਵਿੱਚ ਵੀ ਪੰਜ - ਪੰਜ ਡੇਲੀਗੇਟਸ ਨੇ ਕਾਨਫਰੰਸ ਹਿਸਾ ਲਿਆ।

ਸ਼ਾਮ ਨੂੰ ਸਰਵਿਲੇਂਸ ਅਤੇ ਬੋਲਣ ਦੀ ਆਜ਼ਾਦੀ ਵਿਸ਼ੇ ਉਤੇ "ਦ ਟੈਲੀਗ੍ਰਾਫ" ਦੇ ਮੁੱਖ ਸੰਪਾਦਕ ਰਾਜਾ ਗੋਪਾਲਨ ਨੇ ਜੋਸ਼ੀਲੇ ਅੰਦਾਜ਼ ਨਾਲ ਗੁੰਦਵੇਂ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਆਕਰਸ਼ਕ ਭਾਸ਼ਨ ਪੇਸ਼ ਕੀਤਾ। ਉਨ੍ਹਾਂ ਕਿਹਾ ਅੱਜ ਦੇ ਦੌਰ ਵਿੱਚ ਪਤਰਕਾਰਤਾ ਸਿਰੜ, ਸਮਰਪਣ, ਨਿਡਰਤਾ, ਲੋਕਾਂ ਪ੍ਰਤੀ ਪ੍ਰਤੀਬੱਧਤਾ ਅਤੇ ਇਮਾਨਦਾਰੀ ਨਾਲ ਕਰਨ ਵਾਲਾ ਕਾਰਜ ਹੈ। ਸਮੇਂ ਦੀਆਂ ਸਰਕਾਰਾਂ ਪਤਰਕਾਰਾਂ ਪ੍ਰਤੀ ਹੈਰਾਨੀਜਨਕ ਵਤੀਰਾ ਰਖਦੀ ਹੋਈ ਜਾਂ ਤਾਂ ਡਰਾ ਧਮਕਾ ਕੇ ਆਪਣੇ ਪਖ ਵਿੱਚ ਪ੍ਰਚਾਰ ਕਰਨ ਲਈ ਮਜ਼ਬੂਰ ਕਰਦੀ ਹੈ ਜਾਂ ਹਰ ਹਰਬਾ- ਜਰਬਾ ਵਰਤ ਕੇ ਤੇ  ਸਿੱਕਿਆਂ ਵਿਚ ਤੋਲ ਕੇ ਆਪਣੇ ਪਿੰਜਰੇ ਦਾ ਮਿਆਂ ਮਿੱਠੂ ਬਣਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਨੂੰ ਬੋਲਣ ਦੀ ਆਜ਼ਾਦੀ ਦੇਂਦਾ ਹੈ। ਸਾਫ਼ਗੋਈ ਨਾਲ ਕਾਰਜਸ਼ੀਲ ਹੋ ਕੇ ਆਮ ਦੇਸ਼ ਵਾਸੀਆਂ ਦੇ ਹਿਤਾਂ ਦੀ ਰੱਖਿਆ ਕਰਨਾ ਹਰ ਪਤਰਕਾਰ ਦਾ ਫਰਜ਼ ਹੈ ਜਿਸ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਾਨਫਰੰਸ ਦੇ ਦੂਜੇ ਦਿਨ ਸਰਬਸੰਮਤੀ ਨਾਲ ਹੇਠ ਲਿਖੇ 7 ਮਤੇ ਪਾਸ ਕੀਤੇ ਗਏ: - ਵਕੀਲਾਂ ਨੂੰ ਪ੍ਰੇਕਟਿਸ ਦਾ ਲਸੰਸ ਜਾਰੀ ਕਰਨ ਤੋਂ ਪਹਿਲਾਂ ਉਮੀਦਵਾਰ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣ ਬਾਰੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਦਾ ਕਾਨਫਰੰਸ ਨੇ ਸਖ਼ਤ  ਵਿਰੋਧ ਕੀਤਾ, ਰਾਜਸਤਾ ਦੀਆਂ ਸ਼ਕਤੀਆਂ ਵੰਡਣ ਅਤੇ ਨਿਆਪਾਲਿਕਾ ਦੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਬਹਾਲ ਕਰਨ ਦੀ ਮੰਗ ਕੀਤੀ ਗਈ, ਔਰਤਾਂ ਅਤੇ ਬਚਿਆਂ ਉਤੇ ਹੁੰਦੇ ਅਤਿਆਚਾਰ ਨੂੰ ਫੌਰੀ ਠਲ ਪਾਉਣ ਦੀ ਮੰਗ ਕੀਤੀ ਗਈ, ਜੂਨੀਅਰ ਵਕੀਲਾਂ (ਤਿੰਨ ਸਾਲ ਤਕ ਦੀ ਵਕੀਲ ਵਾਲੇ) ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਪ੍ਰਤੀ ਮਾਹ ਮਲੀ ਮਦਦ ਦੇਣ ਦੀ ਮੰਗ ਕੀਤੀ ਗਈ, ਫ਼ਲਸਤੀਨੀਆਂ ਦੇ ਇਜ਼ਰਾਈਲ ਵਲੋਂ ਹੋ ਰਹੇ ਨਰਸੰਘਾਰ ਦੀ ਕਾਨਫਰੰਸ ਵਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ  ਅੰਤਰਰਾਸ਼ਟਰੀ ਪਧਰ ਉਤੇ ਕੋਸ਼ਿਸ਼ਾਂ ਕਰਕੇ ਫੋਰੀ ਤੌਰ ਤੋਂ ਜੰਗ ਬੰਦ ਕਰਾਉਣ ਅਤੇ ਫਲਸਤੀਨ ਭਰਾਵਾਂ ਦਾ ਮੁੜਵਸੇਬਾ ਕਰਕੇ ਅਮਨ ਦੀ ਬਹਾਲੀ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ, ਭਾਰਤੀ ਸੰਵਿਧਾਨ ਦੀਆਂ ਕਦਰਾਂ - ਕੀਮਤਾਂ ਉਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਗਈ, ਕਾਨਫਰੰਸ ਨੇ ਕੇਂਦਰ ਸਰਕਾਰ ਵਲੋਂ ਵਿਦੇਸ਼ੀ ਵਕੀਲਾਂ ਅਤੇ ਵਕੀਲ ਫ਼ਰਮਾਂ ਨੂੰ ਦੇਸ਼ ਵਿਚ ਵਕਾਲਤ ਕਰਨ ਦੀ ਇਜਾਜ਼ਤ ਦੇਣ ਅਤੇ ਛੋਟਾਂ ਦੇਣ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ਗਈ।

ਕਾਂਨਫਰੰਸ ਦੌਰਾਨ ਰੰਗ - ਮੰਚੀ ਅਤੇ ਗਾਇਕ ਕਲਾਕਾਰਾਂ ਨੇ ਆਪਣੇ ਫ਼ਨ ਦਾ ਬਾਖੂਬੀ ਮੁਜ਼ਾਹਰਾ ਕਰਕੇ ਡੇਲੀਗੇਟਸ ਦਾ ਖੂਬ ਮਨੋਰੰਜਨ ਕੀਤਾ।



Post a Comment

0 Comments