ਪੀਪਲਜ਼ ਲਿਟਰੇਰੀ ਫੈਸਟੀਵਲ ਬਠਿੰਡਾ

ਟੀਚਰਜ਼ ਹੋਮ ਬਠਿੰਡਾ ਵਿਖੇ ਚੱਲ ਰਹੇ ਚਾਰ ਰੋਜਾ  ਛੇਵੇਂ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਇਸ ਮੇਲੇ ਦਾ ਹਿੱਸਾ ਬਣਨ ਦਾ ਸਬੱਬ ਬਣਿਆ। ਇਸ ਮੌਕੇ ਸੁਰ ਆਂਗਣ ਫ਼ਰੀਦਕੋਟ ਦੇ ਕਲਾਕਾਰਾਂ ਦੀ ਸਾਹਿਤਕ ਗਾਇਕੀ ਨੂੰ ਮਾਨਣ ਦਾ ਮੌਕਾ ਮਿਲਿਆ। ਅਜੋਕੀ ਰਾਜਨੀਤਕ ਸਥਿੱਤੀ ਤੇ ਬੋਲਦਿਆਂ ਸਮਾਜਿਕ ਕਾਰਕੁੰਨ ਸ਼ਬਨਮ ਹਾਸ਼ਮੀ ਨੇ ਜਿੱਥੇ ਨਫ਼ਰਤ ਫੈਲਾਉਣ ਵਾਲੀ ਰਾਜਨੀਤੀ ਤੇ ਚਿੰਤਾ ਪ੍ਰਗਟ ਕਰਦਿਆਂ ਨਵੇਂ ਰਾਜਨੀਤਕ ਬਦਲ ਦੀ ਲੋੜ 'ਤੇ ਜ਼ੋਰ ਦਿੱਤਾ ਉੱਥੇ ਗੋਧਰਾ ਕਾਂਡ ਉੱਤੇ ਵੀ ਬਹੁਤ ਵਿਸਥਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਅਜਿਹੇ ਕਾਰੇ ਅੰਜਾਮ ਵਿੱਚ ਲਿਆਂਦੇ ਜਾਂਦੇ ਹਨ। ਇਸ ਮੌਕੇ ਉੱਘੇ ਚਿੰਤਕ ਸੁਕੀਰਤ ਨੇ ਵੀ ਧਾਰਮਿਕ ਨਫਰਤ ਅਤੇ ਉੱਚ ਨੀਚ ਦੇ ਵਰਤਾਰੇ ਬਾਰੇ ਚਰਚਾ ਕੀਤੇ।
ਸ਼ਬਨਮ ਹਾਸ਼ਮੀ ਸੰਬੋਧਨ ਕਰਦੇ ਹੋਏ  
ਦੂਜੇ ਸ਼ੈਸ਼ਨ ਵਿੱਚ ਅਕਸ ਮੰਚ ਸਮਰਾਲਾ ਵੱਲੋਂ  ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਤੇ ਅਧਾਰਿਤ ਇੱਕ ਪਾਤਰੀ ਨਾਟਕ 'ਰਾਹਾਂ ਵਿੱਚ ਅੰਗਿਆਰ ਬੜੇ ਸੀ ' ਪੇਸ਼ ਕੀਤਾ ਗਿਆ। ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤੇ ਇਸ ਨਾਟਕ ਨੇ ਦੋ ਘੰਟੇ ਤੋਂ ਵੀ ਵੱਧ ਸਮੇਂ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਪੂਰੀ ਤਰ੍ਹਾਂ ਬੰਨ੍ਹੀ ਰੱਖਿਆ। ਅਦਾਕਾਰਾ ਕਮਲਦੀਪ ਕੌਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਮੰਚ ਉੱਪਰ ਜੇਕਰ ਉਹ ਰੌਂਦੀ ਤਾਂ ਕਈਆਂ ਦੀਆਂ ਅੱਖਾਂ ਛਲਕ ਪੈਦੀਆਂ ,ਉਹ ਨੱਚਦੀ ਤਾਂ ਕਈਆਂ ਦੇ ਪੈਰ ਥਿਰਕਣ ਲੱਗ ਪੈਂਦੇ।

ਰਾਹਾਂ ਵਿੱਚ ਅੰਗਿਆਰ ਬੜੇ ਸੀ ਨਾਟਕ ਦੀ ਪੇਸ਼ਕਾਰੀ 
ਇਸ ਮੌਕੇ ਸੁਖਵਿੰਦਰ ਅੰਮ੍ਰਿਤ ਨੇ ਵੀ ਇਸ ਨਾਟਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਟਕ ਰਾਹੀਂ ਔਰਤ ਦੇ ਸੰਘਰਸ਼ ਦੀ ਉਹ ਦਾਸਤਾਨ ਪੇਸ਼ ਕੀਤੀ ਗਈ ਹੈ ਜੋ ਉਸਨੂੰ ਪੈਰ ਪੈਰ ਤੇ ਕਰਨਾ ਪੈਂਦਾ ਹੈ। ਪੀਪਲਜ਼ ਫੋਰਮ ਖਾਸਕਰ ਖੁਸ਼ਵੰਤ ਬਰਗਾੜੀ ਵੱਲੋਂ ਹਰ ਸਾਲ ਕੀਤਾ ਜਾਣ ਵਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਜਿੱਥੇ ਪੁਸਤਕ ਪ੍ਰਦਰਸ਼ਨੀਆਂ ਦੇ ਨਾਲ ਸਾਹਿਤ ,ਕਲਾ ਅਤੇ ਸੱਭਿਆਚਾਰ ਦੇ ਨਾਲ ਚਲੰਤ ਮਾਮਲਿਆਂ ਬਾਰੇ ਵੀ ਵਿਚਾਰ ਚਰਚਾ ਹੁੰਦੀ ਹੈ।

                          ਸਰਬਜੀਤ ਧੀਰ   

Post a Comment

0 Comments