ਕੋਰੋਨਾ ਕਾਲ ਨੂੰ ਬਿਆਨ ਕਰਦੀ ਪੁਸਤਕ -ਕੋਵਿਡ-ਕੋਵਿਡ

ਪੁਸਤਕ ਰੀਵਿਊ

ਕੋਰੋਨਾ ਕਾਲ ਨੂੰ ਬਿਆਨ ਕਰਦੀ ਪੁਸਤਕ - ਕੋਵਿਡ-ਕੋਵਿਡ

ਲੇਖਕ : ਸੁਖਦਰਸ਼ਨ ਗਰਗ

ਪ੍ਰਕਾਸ਼ਕ : ਕੇ ਪਬਲੀਕੇਸ਼ਨਜ਼, ਬਰੇਟਾ

ਪੰਨੇ : 56      ਕੀਮਤ : 155 ਰੁਪਏ

ਰੁਬਾਈ ਸਾਹਿਤ ਦੀ ਬਹੁਤ ਪੁਰਾਣੀ ਵਿਧਾ ਹੈ, ਪਰ ਇਸ ਵਿਧਾ ਦੇ ਰਚਨਾਕਾਰ ਬਹੁਤ ਘੱਟ ਹਨ। ਰੁਬਾਈ ਚਾਰ ਕੁ ਲਾਈਨਾ ਦੀ ਇੱਕ ਕਵਿਤਾ ਦਾ ਹੀ ਰੂਪ ਹੁੰਦੀ ਹੈ, ਪਰ ਰਚਨਾਕਾਰ ਏਨੇ ਥੋੜੇ ਸ਼ਬਦਾਂ ਵਿੱਚ ਕੋਈ ਵੱਡੀ ਗੱਲ ਕਹਿ ਜਾਂਦਾ ਹੈ ਤੇ ਕੋਈ ਸੁਨੇਹਾ ਦਿੰਦਾ ਹੈ। ਸੁਖਦਰਸ਼ਨ ਗਰਗ ਇਸ ਵਿਧਾ ਨਾਲ ਪੂਰੀ ਪ੍ਰਤੀਬੱਧਤਾ ਨਾਲ ਜੁੜਿਆ ਹੋਇਆ ਹੈ। ਭਾਵੇਂ ਉਹ ਕਈ ਵਿਧਾਵਾਂ ਵਿੱਚ ਸਾਹਿਤ ਰਚਦਾ ਹੈ, ਉਸਦਾ ਗ਼ਜ਼ਲ ਸੰਗ੍ਰਹਿ ਬਲਦਾ ਸੂਰਜ’, ਕਾਵਿ ਸੰਗ੍ਰਹਿ ਦੁੱਖਾਂ ਦੇ ਪ੍ਰਛਾਵੇਂਵੀ ਛਪ ਚੁੱਕੇ ਹਨ ਤੇ ਕੁੱਝ ਮਿੰਨੀ ਕਹਾਣੀਆਂ ਤੇ ਵਿਅੰਗ ਵੀ ਲਿਖੇ ਹਨ, ਪਰ ਰੁਬਾਈ ਦੀਆਂ ਚਾਰ ਪੁਸਤਕਾਂ ਚੰਦਨ ਰੁੱਖ, ਜ਼ਹਿਰੀ ਚੋਗ, ਜਾਗ ਪਏ ਧਰਤੀ ਦੇ ਜਾਏ ਤੇ ਕੋਵਿਡ-ਕੋਵਿਡ ਉਹਨਾਂ ਸਾਹਿਤ ਦੀ ਝੋਲੀ ਪਾਈਆਂ ਹਨ।

      ਕੋਵਿਡ-ਕੋਵਿਡ ਪਿਛਲੇ ਸਾਲੀਂ ਦੁਨੀਆਂ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਤੇ ਲਿਖੀਆਂ ਰੁਬਾਈਆਂ ਦੀ ਪੁਸਤਕ ਹੈ, ਜਿਸ ਵਿੱਚ 70 ਰੁਬਾਈਆਂ ਦਰਜ ਹਨ। ਕੋਰੋਨਾ ਮਹਾਂਮਾਰੀ ਦੇ ਸਮੇਂ ਦੇ ਹਾਲਾਤਾਂ ਨੂੰ ਪਰਤੱਖ ਕਰਦਾ ਲੇਖਕ ਲਿਖਦਾ ਹੈ:

       ਕੰਧਾਂ ਉੱਤਲੇ ਮੋਰ-ਮੋਰਨੀ, ਆਪਸ ਵਿੱਚ ਕੁੱਝ ਬੋਲ ਰਹੇ ਨੇ।

       ਅੰਬਰ ਦੇ ਵਿੱਚ ਵੇਖ ਪਰਿੰਦੇ, ਕਿੰਝ ਆਪਣੇ ਪਰ ਤੋਲ ਰਹੇ ਨੇ

       ਬੰਦਾ ਛਿੱਕਲੇ ਚਾੜੀ ਫਿਰਦੈ, ਮੂੰਹਾਂ ਉੱਤੇ ਹਰ ਵੇਲੇ,

     ਪੰਛੀ ਨੇੜੇ-ਨੇੜੇ ਹੋ ਕੇ, ਦੁੱਖ ਸੁੱਖ ਆਪਣੇ ਫੋਲ ਰਹੇ ਨੇ।

      ਨਿੱਤ ਦਿਨ ਵੱਡੀ ਗਿਣਤੀ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਲੋਕਾਂ ਦੇ ਘਰਾਂ ਅੰਦਰ ਕੈਦੀਆਂ ਵਾਂਗ ਰਹਿਣ ਬਾਰੇ ਉਹ ਚਿੰਤਾ ਪ੍ਰਗਟ ਕਰਦਾ ਹੈ :

      ਅਰਥੀ ਤੇ ਅਰਥੀ ਉੱਠੇ, ਆਈ ਘੋਰ ਬੀਮਾਰੀ ਐ।

     ਪਏ ਬੰਦ ਦਰਵਾਜੇ ਸਾਰੇ, ਮੱਤ ਸਭਨਾ ਦੀ ਮਾਰੀ ਐ।

      ਕੁਦਰਤੀ ਬਨਸਪਤੀ ਨਾਲ ਇਨਸਾਨਾਂ ਦੇ ਦੁੱਖਾਂ ਨੂੰ ਤੋਲ ਕੇ ਰਚਨਾਕਾਰ ਇਉਂ ਪੇਸ਼ ਕਰਦਾ ਹੈ :

     ਫੁੱਲ ਤਾਂ, ਨਿੱਤ ਦਿਨ ਖਿਲਦੇ ਨੇ।

     ਰੁੱਖ, ਇੱਕ ਦੂਜੇ ਨੂੰ ਮਿਲਦੇ ਨੇ।

     ਬੰਦੇ ਨੇ ਮੂੰਹ, ਛੁਪਾਇਆ ਹੈ,

     ਨਾ ਹੀ, ਇੱਕ ਦੂਜੇ ਨੂੰ ਮਿਲਦੇ ਨੇ।

      ਦੁਨੀਆਂ ਭਰ ਵਿੱਚ ਫੈਲੀ ਉਦਾਸੀ ਨੂੰ ਸੁਖਦਰਸ਼ਨ ਗਰਗ ਇਉਂ ਪ੍ਰਗਟ ਕਰਦੈ :

     ਧੁੱਪਾਂ ਵੀ ਉਦਾਸ ਨੇ, ਤੇ ਛਾਵਾਂ ਵੀ ਉਦਾਸ ਨੇ।

    ਭੈਣਾਂ ਵੀ ਉਦਾਸ ਨੇ, ਤੇ ਮਾਵਾਂ ਵੀ ਉਦਾਸ ਨੇ।

      ਸਰਕਾਰ ਵੱਲੋਂ ਆਪਣੀ ਨਾਕਾਮੀ ਛੁਪਾਉਣ ਲਈ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਤੇ ਉਹ ਇਤਰਾਜ ਕਰਦਾ ਹੋਇਆ ਲੋਕਾਂ ਨੂੰ ਸੁਚੇਤ ਕਰਦਾ ਲਿਖਦਾ ਹੈ :

     ਮੋਮਬੱਤੀਆਂ ਜਗਾਓ, ਭਾਵੇਂ ਥਾਲੀਆਂ ਵਜਾਓ।

     ਕੋਠੇ ਉੱਤੇ ਚੜ੍ਹ ਕੇ, ਹੋਕਰੇ ਲਗਾਓ।

    ਕੋਰੋਨਾ ਵਾਇਰਸ ਨੂੰ, ਕੋਈ ਠੱਲ੍ਹ ਨਹੀਂ ਪੈਣੀ,

    ਵਹਿਮ ਭਰਮ ਨਾ, ਹੋਰ ਵਧਾਓ।

      ਸੁਖਦਰਸ਼ਨ ਗਰਗ ਆਪਣੀ ਇਸ ਪੁਸਤਕ ਨਾਲ ਲੋਕਾਂ ਨੂੰ ਮਹਾਂਮਾਰੀ ਦੇ ਹਾਲਾਤਾਂ ਤੋਂ ਜਾਣੂ ਵੀ ਕਰਵਾਉਂਦਾ ਹੈ ਅਤੇ ਵਹਿਮਾਂ ਭਰਮਾਂ ਵਿੱਚ ਪਾ ਕੇ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਤੇ ਚੋਟ ਵੀ ਕਰਦਾ ਹੈ। ਸੰਸਾਰ ਪੱਧਰ ਦੇ ਲੇਖਕ ਸਿਡਨੀ ਸਮਿਥ ਨੇ ਕਿਹਾ ਸੀ ਕਿ ਉਹ ਲੇਖਕ ਸਭ ਤੋਂ ਚੰਗਾ ਲਿਖਦਾ ਹੈ, ਜੋ ਆਪਣੇ ਪਾਠਕਾਂ ਦਾ ਘੱਟ ਸਮਾਂ ਲੈ ਕੇ ਉਹਨਾਂ ਨੂੰ ਵੱਡਾ ਗਿਆਨ ਦਿੰਦਾ ਹੈ। ਇਹ ਵਿਚਾਰ ਸੁਖਦਰਸ਼ਨ ਗਰਗ ਤੇ ਪੂਰੀ ਤਰ੍ਹਾਂ ਢੁਕਦੇ ਹਨ। ਉਹ ਇੱਕ ਸਮਰੱਥ ਲੇਖਕ ਹੈ, ਜਿਸ ਦਾ ਸਾਹਿਤਕ ਸੰਸਥਾਵਾਂ ਵਿੱਚ ਵੱਡਾ ਨਾਂ ਹੈ। ਉਸ ਵੱਲੋਂ ਲਿਖੀਆਂ ਰੁਬਾਈਆਂ ਹਲੂਣਾ ਦੇਣ ਵਾਲੀਆਂ ਹਨ।

ਰੀਵਿਊਕਾਰ -ਬਲਵਿੰਦਰ ਸਿੰਘ ਭੁੱਲਰ

ਮੋਬਾਈਲ : 098882 75913

Post a Comment

0 Comments