ਦੋਹੇ ਅਤੇ ਨਜ਼ਮਾਂ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ



ਦੋਹੇ

 

ਡਰਿਆ ਜੋਗੀ ਰੋ ਰਿਹਾ ਮਾਇਆ ਹੈ ਸੰਸਾਰ,

ਮਾਇਆ ਵੀ ਸੱਚ-ਰੂਪ ਹੈ, ਸੱਚ ਦਾ ਹੈ ਵਿਸਥਾਰ.

 

ਅੰਤਮ ਸੱਚ ਤੱਕ ਜਾਣ ਲਈ ਇਹ ਸੰਸਾਰ ਦੁਆਰ,

ਫਿਰ ਕਿਉਂ ਜੋਗੀ ਰੋ ਰਿਹਾ ਝੂਠਾ ਹੈ ਸੰਸਾਰ?

 

ਸੰਤ ਕਹੇ ਜੱਗ ਹੈ ਨਹੀਂ, ਖਾਲੀ ਮਾਇਆ ਜਾਲ਼,

ਪਰ ਰੋਟੀ 'ਤੇ ਰੱਖ ਕੇ ਕਦੇ ਨਾ ਖਾਵੇ ਥਾਲ਼.

 

ਯੁਗਾਂ-ਯੁਗਾਂ ਤੋਂ ਪਿਆਸ ਲਈ ਪਾਣੀ ਹੈ ਵਰਦਾਨ,

ਯੁਗਾਂ-ਯੁਗਾਂ ਤੋਂ ਪਿਆਸ ਦਾ ਪਾਣੀ 'ਤੇ ਅਹਿਸਾਨ.

 

ਨਜ਼ਮਾਂ



ਅਹਿਸਾਨ

 

ਮੈਂ ਕੋਈ ਫੁੱਲ ਨਹੀਂ

ਤਾਰਾ ਨਹੀਂ ਹਾਂ

ਤੂੰ ਮੈਂਨੂੰ

ਇਸ ਤਰ੍ਹਾਂ ਜੇ ਸੋਚਿਆ ਹੈ

ਤੇਰਾ ਅਹਿਸਾਨ ਮੇਰੇ 'ਤੇ!  

 

 ਉੱਜੜੇ ਲੋਕ

 

ਦਿਨ ਨੇ ਬਿਮਾਰ ਜਿਹੇ

ਰਾਤਾਂ ਨੇ ਜ਼ਖਮੀਂ-ਜ਼ਖਮੀਂ

ਚੰਨ ਦੇ ਪਿੰਡੇ 'ਤੇ

ਉਭਰ ਆਏ ਨੇ

ਹਿੰਸਾ ਦੇ ਨਿਸ਼ਾਨ.

 

ਪਹੁੰਚ ਚੁੱਕੀ ਹੈ

ਸੁਪਨਿਆਂ ਤੱਕ ਹੁਣ

ਬੇਵਜ੍ਹਾ ਡੁਲ੍ਹਦੇ

ਮਾਸੂਮ ਲਹੂ ਦੀ ਦੁਰਗੰਧ.

 

ਆਸ ਉੱਡ ਗਈ ਹੈ ਕਿਤੇ

ਬਣ ਕੇ ਮਸਾਣਾਂ ਦੀ ਰਾਖ

ਵਕਤ ਦੇ ਮੱਥੇ 'ਤੇ

ਲਿਖਿਆ ਹੈ

ਤਬਾਹੀ ਦਾ ਐਲਾਨ.

 

ਛੱਡ ਕੇ ਸਹਿਮੇਂ, ਸਿਸਕਦੇ ਵਿਹੜੇ

ਤੁਰ ਪਏ, ਤੁਰ ਪਏ ਹਾਂ

ਰੁਲ਼ਣ ਲਈ

ਗਲ਼ੀਆਂ ਵਿੱਚ.

 

ਮਾਂ ਦੀ ਗੋਦੀ ਜਿਹੇ ਘਰਾਂ ਤੋਂ ਦੂਰ

ਕਰਨਾ ਹੈ ਲਾਰਿਆਂ ਨੇ ਰੱਜ ਕੇ ਖ਼ੁਆਰ

ਤਰਨਗੇ ਅੱਖਾਂ 'ਚ ਹੁਣ

ਤਿੜਕੇ ਹੋਏ ਸ਼ੀਸ਼ ਮਹਿਲ

ਚੜ੍ਹਣਗੇ ਸੋਚ ਨੂੰ ਹੁਣ

ਨਿੱਤ ਨਵੇਂ ਡਰਾਂ ਦੇ ਬੁਖ਼ਾਰ.

 

ਦਿਨ ਨੇ ਬਿਮਾਰ ਜਿਹੇ

ਰਾਤਾਂ ਨੇ ਜ਼ਖਮੀਂ-ਜ਼ਖਮੀਂ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

ਲਖਵਿੰਦਰ ਸਿੰਘ ਬਾਜਵਾ ਦੇ ਛੇ ਗੀਤ

 

 

         

    

Post a Comment

0 Comments