ਲਖਵਿੰਦਰ ਸਿੰਘ ਬਾਜਵਾ ਦੇ ਛੇ ਗੀਤ

ਛੇ ਗੀਤ / ਲਖਵਿੰਦਰ ਸਿੰਘ ਬਾਜਵਾ

ਤੇਰਾ ਹੁਸਨ

ਤੇਰਾ ਹੁਸਨ ਫੁੱਲਾਂ ਦੀ ਕਿਆਰੀ ਐ,

ਤੈਨੂੰ ਗੇਂਦਾ ਕਹਾਂ ਕਿ ਗੁਲਾਬ ਕਹਾਂ।

 ਦੇਂਦੇ ਹੋਠ ਮਧੂ ਅਤੇ ਨੈਣ ਨਸ਼ਾ,

ਤੈਨੂੰ ਸ਼ਰਬਤ ਕਹਾਂ ਕਿ ਸ਼ਰਾਬ ਕਹਾਂ।

 

ਤੇਰੀ ਮਹਿਕ ਵਾਂਗ ਕਸਤੂਰੀ ਨੀ।

 ਤੇਰਾ ਭਖਿਆ ਰੰਗ ਸੰਧੂਰੀ ਨੀ।

 ਤੈਨੂੰ ਪੁੱਛਕੇ ਬਦਲੀ ਵਰਦੀ ਐ,

ਤੈਨੂੰ ਹਾਕਮ ਕਹਾਂ ਕਿ ਨਵਾਬ ਕਹਾਂ।

ਦੇਂਦੇ ਹੋਠ ਮਧੂ

 

ਨਦੀਆਂ ਦੇ ਹੋਠ ਕਿਨਾਰੇ ਨੇ।

ਕਈ ਆਸ਼ਕ ਇਹਨਾਂ ਮਾਰੇ ਨੇ।

 ਤੱਕ ਤੋਰ ਰਵਾਨੀ ਤੇਰੀ ਮੈਂ,

ਤੈਨੂੰ ਰਾਵੀ ਕਹਾਂ ਕਿ ਚਨਾਬ ਕਹਾਂ।

ਦੇਂਦੇ ਹੋਠ ਮਧੂ...

 

ਬਾਗਾਂ ਵਿੱਚ ਪੈ ਗਿਆ ਸ਼ੋਰ ਕੁੜੇ।

ਤੈਨੂੰ ਵੇਖ ਕੂਕਦੇ ਮੋਰ ਕੁੜੇ।

ਕਿਸੇ ਪਰੀ ਲੋਕ ਜਾਂ ਸੁਰਗਾਂ ਦਾ,

ਤੈਨੂੰ ਸੱਚ ਕਹਾਂ ਕਿ ਖਾਬ ਕਹਾਂ।

ਦੇਂਦੇ ਹੋਠ ਮਧੂ...

 

ਤੱਕ ਰੇਸ਼ਮ ਵਰਗੇ ਅੰਗ ਕੁੜੇ।

ਰਹਿ ਗਿਆ ਬਾਜਵਾ ਦੰਗ ਕੁੜੇ।

 ਤੇਰੇ ਵੇਖ ਕੇ ਰੋਸ਼ਨ ਮੁੱਖੜੇ ਨੂੰ,

ਤੈਨੂੰ ਸੂਰਜ ਕਹਾਂ ਕਿ ਮਤਾਬ ਕਹਾਂ।

 ਦੇਂਦੇ ਹੋਠ ਮਧੂ...

ਰਾਂਝਣ ਵੱਸਦਾ ਏ

ਰਾਂਝਣ ਵੱਸਦਾ ਏ ਦੂਰ ਸਈਓ ਨੀ ਮੇਰਾ

ਰਾਂਝਣ ਵੱਸਦਾ ਏ ਦੂਰ।

ਰਾਂਝਣ ਵੱਸਦਾ ਏ ਤਖਤ ਹਜ਼ਾਰੇ ਝੰਗ ਸਿਆਲੀਂ ਨੂਰ।

 ਸਈਓ ਨੀ--

 

ਉਸ ਦੀ ਵੰਝਲੀ ਮੈਨੂੰ ਮੋਹਿਆ।

ਦਿਲ ਮੇਰਾ ਹੁਣ ਉਸਦਾ ਹੋਇਆ।

ਮੈਂ ਕਮਲੀ ਵੀ ਹੋ ਗਈ ਉਸ ਦੇ ਇਸ਼ਕ ਨਾਲ ਮਸ਼ਹੂਰ।

 ਸਈਓ ਨੀ--

 

ਰਾਂਝਣ ਮੇਰੇ ਦਿਲ ਵਿੱਚ ਵੱਸਿਆ।

 ਦੁਨੀਆਂ ਦਾ ਡਰ ਮਨ ਤੋਂ ਨੱਸਿਆ।

ਸੁੰਞੀਆਂ ਪਈਆਂ ਸੱਧਰਾਂ ਉਤੇ ਆਸ ਦਾ ਆਇਆ ਬੂਰ।

ਸਈਓ ਨੀ--

 

ਇਸ਼ਕ ਝਨਾਂ ਵਿੱਚ ਤਾਰੀ ਲਾਈ।

ਮੈਂ ਰਾਂਝਣ ਨੂੰ ਰੱਬ ਪ੍ਰਨਾਈ।

ਪੰਜਾਂ ਪੀਰਾਂ ਬਖਸ਼ਿਆ ਫਿਰ ਕਿਓਂ ਜੱਗ ਨੂੰ ਨਹੀਂ ਮਨਜ਼ੂਰ।

ਸਈਓ ਨੀ--

 

ਕਿਉਂ ਲੋਕਾਂ ਮੈਨੂੰ ਰੋਕਾਂ ਪਾਈਆਂ।

ਤੋੜ ਦਿਆਂ ਸਭ ਜੱਗ ਦੀਆਂ ਫਾਹੀਆਂ।

ਸੱਚ ਬਾਜਵਾ ਆਖੇ ਇਹੋ ਇਸ਼ਕੇ ਦਾ ਦਸਤੂਰ।

ਸਈਓ ਨੀ--

ਮਰੂਏ ਦੀ ਖੁਸ਼ਬੂ

ਮਰੂਏ ਦੀ ਖੁਸ਼ਬੂ ਸੋਹਣਿਆ ਮਰੂਏ ਦੀ ਖੁਸ਼ਬੂ |

 ਜਦ ਹਾਣੀ ਨੂੰ ਹਾਣੀ ਮਿਲਦੇ ਦਿਲ ਨੂੰ ਪੈਂਦੀ ਧੂਹ।

 ਮਰੂਏ ਦੀ ਖੁਸ਼ਬੂ-

 

ਇਹ ਮਰੂਆ 'ਮੇਰੇ ਬਾਗੀਂ ਲੱਗਾ ਫੁੱਲ ਕਢੇਂਦਾ ਈ ਸਾਵੇ।

ਇਸ ਰੁੱਤ ਹਾਣੀ ਨੂੰ ਹਾਣੀ ਧਾ ਗਲਵਕੜੀ ਪਾਵੇ।

ਲੁਕ-ਲੁਕ ਕੇ ਅਸੀਂ ਇਸ਼ਕ ਕਮਾਇਆ ਲੋਕਾਂ ਕੱਢ ਲਈ ਸੂਹ। 

ਮਰੂਏ ਦੀ ਖੁਸ਼ਬੂ-

 

ਇਹ ਮਰੂਆ ਮੇਰੇ ਵਿਹੜੇ ਲੱਗਾ ਪੱਤੀਆਂ ਕੱਢਦਾ ਹਰੀਆਂ।

 ਲਾਗੇ ਬੈਠ ਪ੍ਰੇਮੀ ਜੋੜੇ ਹੱਸ-ਹੱਸ ਗੱਲਾਂ ਕਰੀਆਂ।

ਜਦੋਂ ਹਵਾ ਦਾ ਝੋਕਾ ਆਇਆ ਮਹਿਕ ਉੱਠੀ ਸਭ ਜੂਹ।

 ਮਰੂਏ ਦੀ ਖੁਸ਼ਬੂ-

 

ਇਹ ਮਰੂਆ ਮੈਂ ਤੋੜ ਲਿਆਵਾਂ ਚੰਨ ਦੀ ਸੇਜ ਵਿਛਾਵਾਂ।

 ਮਹਿਕ ਜਿਹੀ ਮੇਰੇ ਅੰਦਰ ਭਰ ਗਈ ਮੈਂ ਦੱਸਦੀ ਸ਼ਰਮਾਵਾਂ।

 ਸੇਜੇ ਪੈਰ ਬਾਜਵੇ ਪਾਇਆ ਇੱਕ ਮਿੱਕ ਹੋ ਗਈ ਰੂਹ।

ਮਰੂਏ ਦੀ ਖੁਸ਼ਬੂ-

ਕੱਤਾਂ ਸਾਹਾਂ ਦੀਆਂ ਪੂਣੀਆਂ

ਜਦ ਚਰਖਾ ਮੈਂ ਡਾਹਵਾਂ ਤੰਦ ਤੱਕਲੇ ਤੇ ਪਾਵਾਂ।

ਕੱਤਾਂ ਸਾਹਾਂ ਦੀਆਂ ਪੂਣੀਆਂ ਤੇ ਹਿਜ਼ਰ ਉਣਾਵਾਂ।

 

ਚਰਖੇ ਦੀ ਘੂਕ  ਬਣੀ ਦਿਲ ਵਾਲੀ ਹੂਕ ਵੇ।

ਬ੍ਰਿਹਾ ਪਪੀਹਾ ਰਿਹਾ ਪੀਆ-ਪੀਆ ਕੂਕ ਵੇ।

ਯਾਦਾਂ ਦੇ ਗਲੋਟੇ ਮਨ ਤੱਕਲੇ ਤੇ ਲਾਹਵਾਂ।

ਕੱਤਾਂ ਸਾਹਾਂ ਦੀਆਂ...

 

ਮੇਰੇ ਤਕਲੇ ਤੇ ਮਾਹੀਆ ਵਲ ਪੈ ਪੈ ਨੇ ਜਾਂਦੇ।

 ਬੈੜ ਹੁੰਦਾ ਜਾਵੇ ਖੱਦਾ ਫੱਟ ਜਾਨ ਮੇਰੀ ਖਾਂਦੇ।

ਰੰਗ ਉੱਡ ਉੱਡ ਜਾਵੇ ਵੇ ਮੈਂ ਕਿਸ ਤਰਾਂ ਬਚਾਵਾਂ।

 ਕੱਤਾਂ ਸਾਹਾਂ ਦੀਆਂ...

 

ਮੇਰੇ ਦਿਲ ਵਾਂਗੂ ਸ਼ੀਸ਼ੇ 'ਚ ਤਰੇੜਾਂ ਚੰਨਾ ਆਈਆਂ।

ਜੀਹਦੇ ਸਾਹਵੇਂ ਬਹਿ ਕੇ ਵੇਖਦਾ ਸੈਂ ਮੁੱਖੜਾ ਵੇ ਸਾਈਆਂ।

 ਜਾਵੇ ਟੁੱਟ ਟੁੱਟ ਮਾਹਲ ਤੇਰਾ ਰਾਹ ਮੈਂ ਤਕਾਵਾਂ।

 ਕੱਤਾਂ ਸਾਹਾਂ ਦੀਆਂ...

 

ਵੇ ਇਹ ਚਰਖਾ ਰੰਗੀਲਾ ਮੇਰੇ ਦਾਜ ਵਿੱਚ ਆਇਆ।

 ਤੰਦ ਵਸਲਾਂ ਦਾ ਪਰ ਤੈਥੋਂ ਗਿਆ ਨਾ ਕਤਾਇਆ।

ਦੱਸ ਬਾਜਵਾ ਮੈਂ ਹੋਰ ਤੈਨੂੰ ਕਿਵੇਂ ਸਮਝਾਵਾਂ।

ਕੱਤਾਂ ਸਾਹਾਂ ਦੀਆਂ...

ਸੁਖੀ ਜੀਹਦੀ ਧੀ

ਬਾਬਲਾ ਵਿਆਹੀਂ ਪਰ ਗਲੋਂ ਨਾ ਵੇ ਲਾਹੀਂ,

ਮੇਰਾ ਸਿਰੋਂ ਜੇ ਉਤਾਰਨਾ ਈਂ ਭਾਰ ਵੇ

ਸੁਖੀ ਜੀਹਦੀ ਧੀ ਉਹਦੀ ਜੱਦ ਸੁਖੀ ਕਹਿੰਦੇ,

 ਸ਼ਾਲਾ ਵੱਸਦਾ ਰਹੇ ਤੇਰਾ ਪਰਿਵਾਰ ਵੇ।

 

ਵੇਖ ਕੇ ਰਿਜਕ ਉਥੇ ਧੀ ਦੇਈਏ ਬਾਬਲਾ ਵੇ,

ਘਾਹ ਵੇਖ ਛੱਡੀਏ ਗਊ।

ਲਾਡਾਂ ਨਾਲ ਪਾਲੀ ਤੇਰੀ ਸੋਹਲ ਜਿਹੀ ਜਿੰਦ,

ਜਾਵੇ ਫਿਕਰਾਂ 'ਚ ਸੁੱਕ ਨਾ ਲਹੂ।

ਭੈੜਾ ਏ ਜ਼ਮਾਨਾ ਰੱਖੀਂ ਸੋਚ ਕੇ ਕਦਮ,

ਏਥੇ ਫੁੱਲਾਂ ਹੇਠਾਂ ਛੁਪੇ ਹੁੰਦੇ ਖਾਰ ਵੇ।

ਸੁਖੀ ਜੀਹਦੀ-

 

ਮੰਨਿਆਂ ਕਿ ਮਾਪਿਆਂ ਦੇ ਸਿਰਾਂ ਉੱਤੇ ਧੀਆਂ ਵਾਲ਼ਾ,

ਹੁੰਦਾ ਏ ਪਹਾੜ ਜਿੱਡਾ ਭਾਰ ਵੇ।

ਫਿਕਰਾਂ 'ਚ ਸੁੱਕੀ ਰਹਿੰਦੀ ਜਿੰਦ ਹਰ ਵੇਲੇ ਵੇਖ,

ਚੰਦਰੇ ਸਮਾਜ ਦਾ ਵਿਹਾਰ ਵੇ।

ਹਥੋਂ ਦੇਣਾ ਭਾਂਵੇਂ ਹਰ ਕਿਸੇ ਤਾਂਈ ਔਖਾ,

ਘੱਟ ਲੈ ਕੇ ਪਰ ਹੁੰਦੇ ਅਵਾਜ਼ਾਰ ਵੇ।

 ਸੁਖੀ ਜੀਹਦੀ--

 

ਵਿਦਿਆ ਦੀ ਦੌਲਤ ਦੀ ਰਾਸ ਹੋਵੇ ਪੱਲੇ,

ਨਾਲੇ ਹਾਣੀ ਹੋਵੇ ਮੇਰਿਆਂ ਖਿਆਲਾਂ ਦਾ।

 ਨਸ਼ਿਆਂ ਦੇ ਕੋਹੜ ਕੋਲੋਂ ਹੋਵੇ ਕੋਹਾਂ ਦੂਰ,

ਸੂਹਾ ਮੁੱਖੜਾ ਜਿਓਂ ਰਵੀ ਤ੍ਰਿਕਾਲਾਂ ਦਾ।

 ਹੋਵੇ ਜੇ ਉਸਾਰੂ ਸੂਝ ਬਾਜਵੇ ਦੇ ਵਾਂਗ,

ਦੇਸ਼ ਆਪਣੇ ਨੂੰ ਕਰਦਾ ਪਿਆਰ ਵੇ।

ਸੁਖੀ ਜੀਹਦੀ--

 ਆਟੇ ਦੀਆਂ ਚਿੜੀਆਂ

ਹੋਣ ਆਟੇ ਦੀਆਂ ਚਿੜੀਆਂ ਗਰੀਬਾਂ ਦੀਆਂ ਧੀਆਂ,

ਨਾ ਪਰਦੇ 'ਚ ਢੱਕ ਹੁੰਦੀਆਂ।

ਬਾਹਰ ਰੱਖੀਏ ਪੈਂਦੇ ਨੇ ਕਾਂ ਸੱਜਣੋ,

ਅੰਦਰ ਵੀ ਨਾ ਡੱਕ ਹੁੰਦੀਆਂ।

 

ਹੁਸਨ ਲੁਕਾਇਆਂ ਨਹੀਂ ਲੁਕਦਾ, ਬਈ ਇਹ ਤਾਂ ਹੁੰਦੈ ਦੇਣ ਰੱਬ ਦੀ।

ਪਰ ਮਾੜੇ ਦੀਆਂ ਕੰਜਕਾਂ ਤੇ ਸੱਜਣੋ, ਰਹਿੰਦੀ ਏ ਨਿਗਾਹ ਸਾਰੇ ਜੱਗ ਦੀ।

ਪਾਲੇ ਸਦਾ ਹੀ ਗਰੀਬ ਮਜ਼ਬੂਰੀਆਂ, ਨਾ ਅੱਖਾਂ ਉੱਤੇ ਚੱਕ ਹੁੰਦੀਆਂ।

ਬਾਹਰ ਰੱਖੀਏ-

 

ਮਾੜੇ ਦੀ ਜੋਰੂ ਨੂੰ ਭਾਬੀ ਆਖਣੋ, ਨਾ ਕਿਸੇ ਤਾਈਂ ਕੋਈ ਡੱਕਦਾ।

 ਫੇਰ ਉਸੇ ਭਰਜਾਈ ਦੀਆਂ ਜਾਈਆਂ ਨੂੰ, ਧੀਆਂ ਦੇ ਵਾਂਗੂੰ ਕਿਉਂ ਨਹੀਂ ਤੱਕਦਾ।

 ਭੈੜੇ ਸੁੱਣ ਕੇ ਲੋਕਾਂ ਦੇ ਬੋਲ ਸੱਜਣੋ, ਉਹ ਆਈਆਂ ਨੱਕੋ ਨੱਕ ਹੁੰਦੀਆਂ।

ਬਾਹਰ ਰੱਖੀਏ-

 

ਆਉਂਦੀ ਸਭ ਦੀਆਂ ਧੀਆਂ ਤੇ ਜਵਾਨੀ, ਇਹ ਨੇਮ ਸਾਰੇ ਸੰਸਾਰ ਦਾ।

 ਜਿਹੜਾ ਦੂਸਰੇ ਦੀ ਧੀ ਭੈਣ ਤੱਕਦਾ, ਉਹ ਘਰ ਝਾਤੀ ਕਿਉਂ ਨਹੀਂ ਮਾਰਦਾ।

 ਚਾਹੁੰਦੈ ਬਾਜਵੇ ਇੱਜ਼ਤ ਪੈਰੀਂ ਰੋਲਣਾ, ਜਿਓਂ ਗਲੀਆਂ ਦੇ ਕੱਖ ਹੁੰਦੀਆਂ।

ਬਾਹਰ ਰੱਖੀਏ—

ਸੰਪਰਕ -

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492

ਇਹ ਵੀ ਪੜ੍ਹੋ -

ਭਾਨੂੰ ਪ੍ਰਕਾਸ਼ ਰਘੁਵੰਸੀ ਦੀਆਂ ਤਿੰਨ ਹਿੰਦੀ ਕਵਿਤਾਵਾਂ

 

 

 

 

 

 

 

Post a Comment

0 Comments