ਸਵੀਰਾ ਪਾਕਿਸਤਾਨ ਅਸੈਂਬਲੀ ਚੋਣਾਂ ਲਈ ਪਹਿਲੀ ਹਿੰਦੂ ਔਰਤ ਉਮੀਦਵਾਰ ਬਣੀ

ਬੁਲੇਰ ਜਿਲ੍ਹੇ ਦੀ ਸੀਟ ਪੀ ਕੇ- 25 ਤੋਂ ਆਪਣੇ ਨਾਮਜਦਗੀ ਕਾਗਜ ਦਾਖ਼ਲ ਕੀਤੇ


ਬਠਿੰਡਾ, 28 ਦਸੰਬਰ, ਬਲਵਿੰਦਰ ਸਿੰਘ ਭੁੱਲਰ

      ਪਾਕਿਸਤਾਨ ਵਿੱਚ ਹਿੰਦੂ ਧਰਮ ਭਾਵੇਂ ਦੂਜੇ ਨੰਬਰ ਦਾ ਵੱਡਾ ਧਰਮ ਹੈ ਪਰ ਇਸਲਾਮਿਕ ਦੇਸ਼ ਹੋਣ ਸਦਕਾ ਹਿੰਦੂਆਂ ਦੀ ਗਿਣਤੀ ਬਹੁਤ ਘੱਟ ਹੈ। ਇਹੋ ਕਾਰਨ ਹੈ ਕਿ ਉਸ ਦੇਸ਼ ਵਿੱਚ ਹਿੰਦੂ ਸਿੱਖ ਜਾਂ ਹੋਰ ਕਿਸੇ ਧਰਮ ਦੇ ਲੋਕ ਆਮ ਚੋਣਾਂ ਲੜਣ ਦਾ ਹੌਂਸਲਾ ਨਹੀਂ ਕਰਦੇ। ਇਸ ਵਾਰ ਆ ਰਹੀਆਂ ਜਨਰਲ ਅਸੈਂਬਲੀ ਚੋਣਾਂ ਵਿੱਚ ਭਾਗ ਲੈਣ ਲਈ ਇੱਕ ਹਿੰਦੂ ਔਰਤ ਸਵੀਰਾ ਪ੍ਰਕਾਸ਼ ਨੇ ਫੈਸਲਾ ਕੀਤਾ ਹੈ। ਉਹ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਹਿੰਦੂ ਔਰਤ ਹੈ।

      ਕਿੱਤੇ ਵਜੋਂ ਐੱਮ ਬੀ ਬੀ ਐੱਸ ਡਾਕਟਰ ਸਵੀਰਾ ਪ੍ਰਕਾਸ਼ ਨੇ ਖੈਬਰ ਪਖਤੂਲਖਵਾ ਦੇ ਬੁਲੇਰ ਜਿਲ੍ਹੇ ਦੀ ਸੀਟ ਪੀ ਕੇ- 25 ਤੋਂ ਆਪਣੇ ਨਾਮਜਦਗੀ ਕਾਗਜ ਦਾਖ਼ਲ ਕਰ ਦਿੱਤੇ ਹਨ, ਉਹ ਪਾਕਿਸਤਾਨ ਪੀਪਲਜ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਨਿੱਤਰੀ ਹੈ। ਜਨਰਲ ਅਸੈਂਬਲੀ ਦੀਆਂ 16ਵੀਆਂ ਇਹ ਚੋਣਾਂ 8 ਫਰਵਰੀ 2024 ਨੂੰ ਹੋ ਰਹੀਆਂ ਹਨ। ਡਾ: ਸਵੀਰਾ ਪਾਰਟੀ ਦੀ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਰਹੀ ਹੈ। ਉਸਦੇ ਪਿਤਾ ਸ੍ਰੀ ਓਮ ਪ੍ਰਕਾਸ਼ ਵੀ ਕਈ ਦਹਾਕਿਆਂ ਤੋਂ ਇਸ ਪਾਰਟੀ ਦੇ ਸਰਗਰਮ ਮੈਂਬਰ ਹਨ। ਸਵੀਰਾ ਤੋਂ ਪਹਿਲਾਂ ਮਹਿਲਾ ਲਈ ਰਿਜਰਵ ਸੀਟ ਤੋਂ ਸੈਨੇਟ ਮੈਂਬਰ ਵਜੋਂ ਤਾਂ ਰਤਨਾ ਭਗਵਾਨਦਾਸ ਚਾਵਲਾ ਤੇ ਕ੍ਰਿਸ਼ਨਾ ਕੁਮਾਰੀ ਕੋਹਲੀ ਚੁਣੀਆਂ ਗਈਆਂ ਸਨ ਪਰ ਜਨਰਲ ਅਸੈਂਬਲੀ ਚੋਣ ਵਿੱਚ ਭਾਗ ਲੈਣ ਵਾਲੀ ਉਹ ਪਾਕਿਸਤਾਨ ਦੀ ਪਹਿਲੀ ਹਿੰਦੂ ਔਰਤ ਹੈ।

      ਸਵੀਰਾ ਦਾ ਕਹਿਣਾ ਹੈ ਕਿ ਲੋਕ ਸੇਵਾ ਕਰਨੀ ਉਹਨਾਂ ਦੇ ਖੂਨ ਵਿੱਚ ਹੀ ਹੈ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਔਰਤਾਂ ਦੀ ਭਲਾਈ ਤੇ ਵਿਕਾਸ ਅਤੇ ਉਹਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗੀ। ਇਸਤੋਂ ਇਲਾਵਾ ਉਹ ਆਪਣੇ ਹਲਕੇ ਹੀ ਨਹੀਂ ਸਮੁੱਚੇ ਪਾਕਿਸਤਾਨ ਦੇ ਵਿਕਾਸ਼ ਵਿੱਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖੈਬਰ ਪਖਤੂਨਖਵਾ ਵਿੱਚ ਹਿੰਦੂ ਸਿੱਖ ਬਹੁਤ ਘੱਟ ਗਿਣਤੀ ਵਿੱਚ ਹਨ ਪਰ ਇਲਾਕੇ ਦੇ ਲੋਕਾਂ ਵੱਲੋਂ ਉਸਨੂੰ ਚੰਗਾ ਸਹਿਯੋਗ ਮਿਲ ਰਿਹਾ ਹੈ। ਉਸਨੂੰ ਮੁਸਲਮਾਨ ਭਾਈਚਾਰੇ ਦੀ ਵੱਡੀ ਵੋਟ ਮਿਲਣ ਦੀ ਵੀ ਉਮੀਦ ਹੈ।


Post a Comment

0 Comments