‘ਪਿੰਡ ਮੇਰੇ ਸਹੁਰਿਆਂ ਦਾ’ ਹੋਵੇਗੀ 11 ਨੂੰ ਰਿਲੀਜ਼


ਪੁਸਤਕ ਰਿਲੀਜ਼ ਸਮਾਗਮ ਮੌਕੇ ਹੋਵੇਗਾ ਲੇਖਿਕਾਵਾਂ ਦਾ ਸਨਮਾਨ

ਚੰਡੀਗੜ੍ਹ 9 ਮਈ (ਜਸਵਿੰਦਰ ਸਿੰਘ ਕਾਈਨੋਰ)

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪਿਛਲੇ 25 ਸਾਲਾਂ ਤੋਂ ਪੰਜਾਬੀ ਸਾਹਿਤ ਸਿਰਜਣ ਚ ਜੁਟੇ ਹੋਏ ਹਨ ਜਿਸ ਦੇ ਫਲਸਰੂਪ ਹੁਣ ਤੱਕ ਉਨ੍ਹਾਂ ਦੀਆਂ ਵੱਖੋ-ਵੱਖ ਵਿਸ਼ਿਆਂ ਤੇ 96 ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੁਣ ਉਨ੍ਹਾਂ ਵੱਲੋਂ ਸੰਪਾਦਿਤ 97 ਨੰਬਰ ਦੀਂ ਪੁਸਤਕ ਪਿੰਡ ਮੇਰੇ ਸਹੁਰਿਆਂ ਦਾਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਵੱਲੋਂ ਸੈਣੀ ਭਵਨ, ਸੈਕਟਰ 24 ਚੰਡੀਗੜ੍ਹ (ਸਾਹਮਣੇ ਬੱਤਰਾ ਥੀਏਟਰ) ਵਿਖੇ ਮਿਤੀ 11 ਮਈ 2024 ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ। ਉਸ ਸਮਾਗਮ ਵਿੱਚ ਪੁਸਤਕ ਵਿੱਚ ਛਪਣ ਵਾਲੀਆਂ ਸਾਰੀਆਂ ਸਤਿਕਾਰਯੋਗ (20) ਲੇਖਕ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਪ੍ਰਿੰ. ਗੋਸਲ ਇੱਕ ਚੰਗੇ ਅਧਿਆਪਕ, ਸਮਾਜ ਸੇਵੀ ਹੋਣ ਦੇ ਨਾਲ-ਨਾਲ ਇਸ ਸੰਸਥਾ ਦੇ ਪ੍ਰਧਾਨ ਵੀ ਹਨ। ਇਥੇ ਇਹ ਗੱਲ ਵਰਣਨਯੋਗ ਹੈ ਕਿ ਇਹ ਪੁਸਤਕ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਪਣੇ ਖਰਚੇ ਤੇ ਪ੍ਰਕਾਸ਼ਿਤ ਕਰਵਾਈ ਹੈ।

ਇਸ ਕਿਤਾਬ ਚ ਛਪਣ ਵਾਲੀਆਂ ਪੰਜਾਬ ਦੀਆਂ ਨੂੰਹਾਂ (ਜਿਨ੍ਹਾਂ ਦੀ ਉਮਰ ਤਕਰੀਬਨ 25 ਸਾਲ ਤੋਂ 85 ਸਾਲ) ਨੇ ਆਪੋ-ਆਪਣੇ ਸਹੁਰਿਆਂ ਦੇ ਪਿੰਡਾਂ ਦੇ ਪਿਛੋਕੜ ਬਾਰੇ ਬਹੁਤ ਹੀ ਰੌਚਕ ਢੰਗ ਨਾਲ ਜਾਣਕਾਰੀ ਦਿੱਤੀ ਹੈ। ਕਿਤਾਬ ਪੜ੍ਹਨ ਤੇ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਮਹਿਲਾ ਲੇਖਕਾਂ ਨੂੰ ਆਪਣੇ ਪੇਕਾ ਪਿੰਡ ਦੇ ਨਾਲ-ਨਾਲ ਸਹੁਰਿਆਂ ਦੇ ਪਿੰਡ ਨਾਲ ਵੀ ਅਥਾਹ ਮੋਹ ਹੈ। ਪੰਜਾਬੀ ਦੇ ਵੱਖ-ਵੱਖ ਜ਼ਿਲਿਆਂ ਦੇ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਪਿੰਡਾਂ ਦੇ ਨਾਂ ਇਸ ਪ੍ਰਕਾਰ ਹਨ; ਬਡਹੇੜੀ, ਕੋਟਲਾ ਨਿਹੰਗ, ਗੋਸਲਾਂ, ਬਠਲਾਣਾ, ਰਤਨਗੜ੍ਹ, ਸੌਂਢਾ, ਘਨੌਲਾ, ਢੰਗਰਾਲੀ, ਕਾਈਨੌਰ, ਹਸਨਪੁਰ, ਬੱਲਮਗੜ੍ਹ ਮੰਦਵਾੜਾ, ਹੇਡੋਂ, ਪਟਿਆਲਾ, ਮਹਿਤਪੁਰ, ਥੂਹਾ, ਬਾਣੀਆ, ਸਾਇਆਂ ਕਲਾਂ, ਭੂਪਨਗਰ ਖੁਰਦ ਅਤੇ ਤਿਊਣੇ ਆਦਿ।

ਵਿਸ਼ਵ ਪੰਜਾਬੀ ਪ੍ਰਚਾਰ ਸਭਾ,ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਇਸ ਪੁਸਤਕ ਰਿਲੀਜ਼ ਸਮਾਰੋਹ ਵਿੱਚ ਸਨਮਾਨਿਤ ਹੋਣ ਵਾਲੀਆਂ ਔਰਤ ਲੇਖਕਾਂ ਦੇ ਨਾਂ ਇਸ ਪ੍ਰਕਾਰ ਹਨ; ਨਰਿੰਦਰ ਕੋਰ, ਬਲਜਿੰਦਰ ਕੌਰ ਸ਼ੇਰਗਿੱਲ, ਮਹਿੰਦਰ ਕੋਰ, ਦਲਜੀਤ ਕੌਰ ਬੱਲ, ਭੁਪਿੰਦਰ ਕੌਰ ਸਰੋਆ, ਨਿਰਮਲ ਕੋਰ, ਭੁਪਿੰਦਰ ਕੌਰ, ਚਰਨਜੀਤ ਕੌਰ ਬਾਠ, ਰਣਜੀਤ ਕੌਰ ਕਾਈਨੌਰ, ਜਰਨੈਲ ਕੌਰ, ਸ਼ਮਸ਼ੇਰ ਕੌਰ, ਸੰਦੀਪ ਕੌਰ, ਕਿਰਨ ਬੇਦੀ, ਪਰਮਜੀਤ ਕੌਰ, ਅਮਰਜੀਤ ਕੌਰ ਥੂਹਾ, ਹਰਪ੍ਰੀਤ ਕੌਰ, ਗੁਰਪ੍ਹੀਤ ਕੌਰ, ਡਾ. ਮਨਪ੍ਹੀਤ ਕੌਰ, ਨਿਰਮਲ ਕੌਰ ਅਤੇ ਸੁਨੀਤਾ ਰਾਣੀ।

ਆਸ ਕਰਦੇ ਹਾਂ ਕਿ ਇਹ ਪੁਸਤਕ ਪਿੰਡ ਮੇਰੇ ਸਹੁਰਿਆਂ ਦਾਇੱਕ ਵਿਲੱਖਣ ਪੁਸਤਕ ਸਿੱਧ ਹੋਵੇਗੀ। ਰੱਬ ਕਰੇ, ਬਹਾਦਰ ਸਿੰਘ ਗੋਸਲ ਅਤੇ ਪੁਸਤਕ ਚ ਸ਼ਮੂਲੀਅਤ ਕਰਨ ਵਾਲੀਆਂ ਔਰਤ ਲੇਖਕਾਂ ਦੀ ਕਲਮ ਇਸਤਰਾਂ ਹੀ ਰਵਾਨੀ ਵਿੱਚ ਰਹੇ ਤੇ ਮਾਂ-ਬੋਲੀ ਪੰਜਾਬੀ ਦੇ ਵਿਹੜੇ ਨੂੰ ਭਾਗ ਲਾਉਂਦੀ ਰਹੇ।

Post a Comment

0 Comments