ਖੂਬਸੂਰਤ ਦੋਹੇ ਅਤੇ ਨਜ਼ਮ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ



 ਦੋਹੇ

 

ਨਾ ਚਾਨਣ ਨੂੰ ਡਰ ਕੋਈ, ਨਾ 'ਨ੍ਹੇਰਾ ਭੈ-ਭੀਤ,

ਉਜਲੇ-ਉਜਲੇ ਦਿਵਸ ਦੀ ਰਾਤ ਸਾਂਵਲੀ ਮੀਤ.

 

ਨੀਲਾ ਅੰਬਰ ਸਭ ਲਈ, ਸਭ ਨੂੰ ਦਵੇ ਅਵਾਜ਼,

ਜਿੰਨਾ ਜਿਸਦਾ ਹੌਸਲਾ ਓਨੀ ਹੀ ਪਰਵਾਜ਼.

 

ਮੁੜ-ਮੁੜ ਝੱਖੜ ਝੁੱਲਦੇ, ਦੇਣ ਟਾਹਣੀਆਂ ਤੋੜ,

ਮੁੜ ਪੰਛੀ ਤਿਨਕੇ ਚੁਗਣ, ਆਲ੍ਹਣਿਆਂ ਦੀ ਲੋੜ.

 

ਬੂੰਦਾਂ ਦੀ ਬੌਛਾਰ 'ਚੋਂ ਕਿਰਨਾਂ ਹੋਈਆਂ ਪਾਰ,

ਸ਼ਾਮ ਘਟਾ ਨੂੰ ਮਿਲ਼ ਗਿਆ ਸੱਤ ਰੰਗਾਂ ਦਾ ਹਾਰ.

 

ਹਰ ਵਿਹੜੇ ਵਿੱਚ ਸਹਿਕਦੇ ਸੁੱਕ ਰਹੇ ਦਰਿਆ,

ਬਣਕੇ ਬੱਦਲੀ ਸੌਣ ਦੀ ਆ ਹੁਣ ਕਿਧਰੋਂ ਆ!

 

ਨਜ਼ਮ

 

ਚਲੋ ਨਾਨਕ ਨੂੰ ਲੱਭੀਏ!

 

ਬੜੇ ਹੀ ਧਾਰਮਿਕ ਲੋਕੋ,

ਬੜੇ ਦਾਨਸ਼ਵਰੋ,

ਵਿਦਵਾਨ ਸੱਜਣੋ,

ਜ਼ਰਾ ਗਹੁ ਨਾਲ ਵੇਖੋ

ਅੱਜ ਵੀ

ਮਲਕ ਭਾਗੋ ਬਹੁਤ ਨੇ

ਤੇ ਦੋ-ਵੇਲੇ ਦੀ ਰੋਟੀ ਲਈ

ਮੁਸ਼ੱਕਤ ਕਰਦੇ ਹੋਏ

ਲਾਲੋਆਂ ਦੀ ਭੀੜ ਹੈ ਪੂਰੀ,

ਪਰ ਕਿਤੇ ਨਾਨਕ ਨਹੀਂ ਦਿਸਦਾ,

ਕੀ ਨਾਨਕ ਗੁੰਮ ਹੈ ਕਿਧਰੇ?

 

ਮੇਰੇ ਮਿੱਤਰੋ,

ਮੈਂ ਪਹਿਲਾਂ ਵਿਆਸ ਦੇ ਵੇਦਾਂਤ ਨੂੰ

ਚਹੁੰ-ਦਿਸ਼ਾਵਾਂ ਵਿੱਚ ਬਣੇ

ਮੱਠਾਂ ਦੀਆਂ ਨੀਂਹਾਂ 'ਚ ਖੋਂਦੇ ਵੇਖਿਆ ਹੈ,

ਤੇ ਫ਼ਿਰ ਮੈਂ ਬੁੱਧ ਦੇ ਨਿਰਵਾਣ ਨੂੰ

ਹਿਨਾਂਯਾਨਾਂ

ਮਹਾਂਯਾਨਾਂ '

ਲੀਰੋ-ਲੀਰ ਹੁੰਦੇ ਤੱਕਿਆ ਹੈ.

 

ਮੇਰੇ ਮਿੱਤਰੋ, ਕਿਤੇ ਨਾਨਕ ਨਹੀਂ ਦਿਸਦਾ,

ਅਜੇ ਕੋਈ ਦੇਰ ਨਹੀਂ ਹੋਈ

ਚਲੋ ਨਾਨਕ ਨੂੰ ਲੱਭੀਏ:

ਮੈਂ ਡਰਦਾ ਹਾਂ

ਕਿਤੇ ਨਾਨਕ ਨਾ ਖੋ ਜਾਵੇ

ਕਲਾਮਈ, ਮਰਮਰੀ ਭਵਨਾ '

ਵੇਚੇ ਜਾ ਰਹੇ ਪਾਠਾਂ ਦੀ

ਇੱਕ ਕੋਝੀ ਤਿਜਾਰਤ ਵਿੱਚ.

 

ਮੇਰੇ ਮਿੱਤਰੋ,

ਬੜੇ ਹੀ ਧਾਰਮਿਕ ਲੋਕੋ,

ਬੜੇ ਦਾਨਸ਼ਵਰੋ,

ਵਿਦਵਾਨ ਸੱਜਣੋ,

ਚਲੋ ਨਾਨਕ ਨੂੰ ਲਭੀਏ;

ਕਿਤੇ ਅਪਣੇ 'ਤੇ ਇਹ ਇਲਜ਼ਾਮ ਨਾ ਆਵੇ

ਕਿ ਅਪਣਾ ਬਚਪਨਾ ਸੀ

ਬੇਵਕੂਫ਼ੀ ਸੀ

ਜਾਂ ਫ਼ਿਰ ਸ਼ੈਤਾਨੀਅਤ ਸੀ

ਕਿ ਨਾਨਕ ਵੀ ਗੁਆ ਬੈਠੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

Post a Comment

0 Comments