ਸ਼ਬਦ ਚਾਨਣੀ---ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ


ਦੋਹੇ

 

ਕੁਝ ਆਵਾਰਾ ਬੱਦਲੀਆਂ, ਬੇ-ਗ਼ੈਰਤ ਅਸਮਾਨ,

ਇੱਕ ਜੰਗਲ਼ ਦੀ ਖੇਡ ਵਿੱਚ ਸੱਭਿਅਤਾ ਲਹੂ-ਲੁਹਾਣ.

 

ਫੁੱਲ ਚੁਰਾਉਂਦੇ ਰੋਟੀਆਂ, ਫੁੱਲ ਕਰਦੇ ਵਿਭਚਾਰ,

ਫੁੱਲਾਂ ਉੱਤੇ ਨਾ ਰਿਹਾ ਫੁੱਲਾਂ ਨੂੰ ਇਤਬਾਰ.

 

ਫੁੱਲ ਨੇ ਦਾਰੂ ਪੀੜ ਦੀ, ਫੁੱਲ ਕਰਦੇ ਉਪਕਾਰ,

ਫੁੱਲ ਫੁੱਲਾਂ ਤੋਂ ਲੈ ਰਹੇ ਆਸਾਂ ਦੇ ਉਪਹਾਰ.

 

ਡਰ ਕੋਲੋਂ ਦੌੜੇਂ ਕਦੇ, ਕਦੇ ਦੌੜਾਵੇ ਆਸ,

ਚੰਗਾ ਹੈ ਜੇ ਰਹਿ ਸਕੇਂ ਹਰ ਪਲ ਅਪਣੇ ਪਾਸ.

 

ਉਹ ਸਭਨਾ ਦਾ ਲਾਡਲਾ, ਧਰਤੀ ਦੀ ਉਹ ਸ਼ਾਨ,

ਤੂਫ਼ਾਨਾਂ ਵਿੱਚ ਆਲ੍ਹਣੇ ਪਾਵੇ ਜੋ ਇਨਸਾਨ

 

ਨਜ਼ਮ

 


ਸ਼ੋਖ ਛੋਹਾਂ

 

ਮੈਂ ਦੱਸਾਂ ?

ਤੇਰੇ, ਮੇਰੇ ਵਿਚਾਲ਼ੇ

ਸਦਾ ਹੀ ਕਾਇਮ ਰਹਿਣਾ ਹੈ

ਇੱਕ ਸੰਜਮ ਦਾ

ਇੱਕ ਸਤਿਕਾਰ ਦਾ ਰਿਸ਼ਤਾ.

 

ਇਹ ਰੌਚਕ ਵਾਰਤਾ

ਇਹ ਫ਼ਿਕਰੇਬਾਜ਼ੀ

ਇਹ ਸਭ ਝੂਠੇ ਜਿਹੇ ਰੋਸੇ

ਇਹ ਐਵੇਂ ਦੀ ਲੜਾਈ

ਇਹ ਹਮਲੇ

ਫੇਰ ਮੁਆਫ਼ੀ

ਇਹ ਅਣਚਾਹੀ ਜਿਹੀ ਇੱਕ ਚੁੱਪ

ਇਹ ਸੰਵਾਦ ਜੋ ਆਪੇ ਹੀ ਤੁਰ ਪੈਂਦੇ

ਇਹ ਸ਼ਿਕਵੇ

ਇਹ ਨਿਹੋਰੇ

ਇਹ ਕੁਝ ਸੰਕੇਤ ਕਾਸੇ ਦੇ:

 

ਨਾ ਡਰ!

ਇਹ ਸਾਰਾ ਕੁਝ

ਕੁਝ ਵੀ ਨਹੀਂ ਹੈ;

ਇਹ ਇਸ ਰਿਸ਼ਤੇ ਦੀ ਦਿਲਕਸ਼ ਬਣ ਰਹੀ ਤਸਵੀਰ ਵਿੱਚ

ਕੁਝ ਸ਼ੋਖ ਛੋਹਾਂ ਨੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -



 

 

Post a Comment

0 Comments