ਦੋਹੇ ਅਤੇ ਨਜ਼ਮਾਂ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ




 ਦੋਹੇ

ਮਿੱਟੀ ਦਾ ਘਰ ਸਜ ਰਿਹਾ, ਮਿੱਟੀ ਦਾ ਸਾਮਾਨ,

ਮਿੱਟੀ ਮਾਲਕ ਬਣ ਰਹੀ, ਮਿੱਟੀ ਦੇ ਮਹਿਮਾਨ.

 

ਵਜਦ-ਵਜਦ ਹੋ ਗਾ ਰਿਹਾ ਇੱਕ ਨੱਚਦਾ ਦਰਵੇਸ,

"ਮੈਂ" ਮਿੱਟੀ ਦੀ ਮਹਿਕ ਹੈ, ਮਿੱਟੀ "ਮੈਂ" ਦਾ ਵੇਸ.

 

ਇੱਕੋ ਸੱਚ ਸੁਣਾ ਰਹੇ ਜੱਗ ਦੇ ਰੂਪ ਅਨੇਕ,

ਮਿੱਟੀ "ਮੈਂ" ਦੀ ਤਰਜ਼ ਹੈ, "ਮੈਂ" ਮਿੱਟੀ ਦੀ ਹੇਕ.

 

ਹੋਰਾਂ ਦੇ ਰੰਗ ਕੀ ਕਰਾਂ, ਮੈਂ ਚੱਲਿਆਂ ਮੁਰਝਾ,

ਅਪਣੇ ਇਸ ਮੁਰਝਾਉਣ ਦਾ ਕਿੰਝ ਕਰਾਂ ਦੱਸ ਚਾਅ?

 

ਪੱਤੀ-ਪੱਤੀ, ਰਾਤ-ਦਿਨ ਸਭ ਫੁੱਲ ਜਾਂਦੇ ਬੀਤ,

ਰੁੱਤ-ਰੁੱਤ ਮੁੜ ਕੇ ਫਿਰ ਕਰੇ ਫੁੱਲਾਂ ਨੂੰ ਸੁਰਜੀਤ.

 

ਸੁੱਕੇ ਪੱਤੇ ਗਾ ਰਹੇ ਹਰਿਆਲੀ ਦੀ ਯਾਦ,

ਬੀਜ-ਬੀਜ ਹੈ ਦੇ ਰਿਹਾ ਕੂਲ਼ੀ-ਕੂਲ਼ੀ ਦਾਦ.

 

ਨਜ਼ਮਾਂ

 

ਚੰਨ ਦੀਆਂ ਚਿੱਪਰਾਂ

 ਅੱਕੇ-ਅੱਕੇ ਅੰਗਾਂ ਵਾਲ਼ੀ

ਥੱਕੀ-ਜਿਹੀ ਸਵੇਰ

ਬੈਠੀ ਰਾਤ ਦੀਆਂ ਕਾਤਰਾਂ ਫਰੋਲ਼.

 

ਚੰਨ ਦੀਆਂ ਚਿੱਪਰਾਂ

ਜੋ ਰਾਤੀਂ ਚੋਰੀ ਤੋੜੀਆਂ ਨੇ

ਕੁਝ ਤੇਰੇ, ਕੁਝ ਮੇਰੇ ਕੋਲ਼.

 

ਨੇਫੇ ਵਿੱਚੋਂ ਕੱਢ

ਕਿਤੇ ਚੇਤੇ 'ਚ ਲੁਕੋ ਕੇ ਰੱਖੀਂ    

ਪਲਾਂ ਦੇ ਇਹ ਤੋਹਫ਼ੇ ਅਨਮੋਲ.

 

ਏਹਨਾਂ ਨੇ ਹੀ ਕੰਮ ਆਉਣਾ

ਸੁੰਨੇ-ਸੁੰਨੇ ਵੇਲ਼ਿਆਂ '  

ਚਿੱਤ ਜਦੋਂ ਐਵੇਂ ਜਾਊ ਡੋਲ.

 

ਏਹਨਾਂ ਦਾ ਕਮਾਲ ਵੇਖੀਂ

ਜਦੋਂ ਵੀ ਸਤਾਊ ਤੈਨੂੰ 

ਕਾਲ਼ੇ-ਕਾਲ਼ੇ ਦਿਨਾਂ ਦੀ ਭੂਗੋਲ.

 

ਲਾਲਸਾ

 ਕੱਲ੍ਹ ਰਾਤੀਂ

ਇੱਕ ਟੁੱਟਿਆ ਤਾਰਾ

ਮੇਰੇ ਦਰਵਾਜ਼ੇ 'ਤੇ ਆਇਆ,

ਮੈਂਨੂੰ ਕਹਿੰਦਾ

ਮੇਰੇ ਕੋਲ਼ੇ

ਤਾਜ ਮਹਿਲ ਤੋਂ

ਕਿਧਰੇ ਵਧੀਆ

ਸ਼ੋਹਰਤ ਹੈ ਇੱਕ,

ਹਰ ਕੀਮਤ ਤੋਂ ਮਹਿੰਗੀ

ਇੱਕ ਸਵਰਗਾਂ 'ਚੋਂ ਚੁੱਕੀ ਨਾਗਮਣੀ ਹੈ,

ਤੇ ਹਰ ਫੁੱਲਾਂ-ਲੱਦੀ ਰੁੱਤ ਤੋਂ ਵਧਕੇ ਦਿਲਕਸ਼

ਭਾਰੇ ਅੰਗਾਂ ਵਾਲੀ ਨੰਗੀ ਪੱਤਝੜ ਵੀ ਹੈ;

 

ਕਹਿੰਦਾ ਮੈਂਨੂੰ

ਮੇਰੇ ਕੋਲ਼ੋਂ

ਬੇਸ਼ੱਕ ਇਹ ਸਾਰਾ ਕੁਝ

ਲੈ, ਲੈ

ਮੈਂਨੂੰ ਅਪਣੇ ਸੁਪਨੇ ਦੇ, ਦੇ

ਮੈਂਨੂੰ ਅਪਣੀ ਸ਼ਾਇਰੀ

ਦੇ, ਦੇ.

 

ਉਸ ਤਾਰੇ ਦੀ ਇਹ ਗੱਲ ਸੁਣ ਕੇ

ਮੈਂਨੂੰ ਉਸ 'ਤੇ ਹਾਸਾ ਆਇਆ

ਮੈਂ ਉਸ ਨੂੰ ਹੌਲ਼ੀ ਜਿਹੀ

ਚੁੱਕ ਕੇ

ਫਿਰ ਤੋਂ ਅੰਬਰ 'ਤੇ

ਚਿਪਕਾਇਆ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

 

Post a Comment

0 Comments