ਟੱਪੇ, ਨਜ਼ਮਾਂ ਅਤੇ ਰੁਬਾਈਆਂ

ਸ਼ਬਦ ਚਾਨਣੀ -ਨਿਰਮਲ ਦੱਤ


ਟੱਪੇ, ਨਜ਼ਮਾਂ ਅਤੇ ਰੁਬਾਈਆਂ 

ਤੈਨੂੰ ਜੇ ਲੱਗਦਾ ਹੈ 


ਤੈਨੂੰ ਜੇ ਲੱਗਦਾ ਹੈ

ਤੂੰ ਇੱਕ ਗੁੰਮਿਆਂ ਖ਼ਤ ਹੈਂ 

ਤੈਨੂੰ ਜੇ ਲੱਗਦਾ ਹੈ

ਤੂੰ ਇੱਕ ਟੁੱਟਿਆ ਤਾਰਾ

ਤੈਨੂੰ ਜੇ ਲੱਗਦਾ ਹੈ

ਕਿ ਤੂੰ

ਬੇਸਿਰ-ਪੈਰਾ ਸੁਪਨਾ ਹੈਂ ਇੱਕ

ਤੈਨੂੰ ਜੇ ਲੱਗਦਾ ਹੈ

ਕਿ ਤੂੰ

ਪਤਾ ਨਹੀਂ ਕਿੱਥੇ ਤੋਂ ਲੈ ਕੇ

ਕਿੱਥੇ ਤੱਕ ਜਾਂਦਾ ਰਸਤਾ ਹੈਂ

ਤੈਨੂੰ ਜੇ ਲੱਗਦਾ ਹੈ

ਕਿ ਤੂੰ

ਮਾਰੂਥਲ ਵਿੱਚ ਬਿਨ-ਮੀਂਹ ਭੁੱਜਦਾ

ਬੀਜ ਹੈਂ ਕੋਈ

ਤੈਨੂੰ ਜੇ ਲੱਗਦਾ ਹੈ

ਕਿ ਤੂੰ

ਤੇਜ਼ ਹਨੇਰੀ ਅੱਗੇ ਬੇਵਸ

ਇੱਕ ਪੀਲ਼ਾ, ਸੁੱਕਾ ਪੱਤਾ ਹੈਂ

ਤੈਨੂੰ ਜੇ ਲੱਗਦਾ ਹੈ

ਕਿ ਤੇਰੇ ਵਿੱਚ

ਤੇ ਇੱਕ ਛੋਟੇ ਜਿਹੇ ਕੀਟਾਣੂ ਵਿੱਚ

ਕੋਈ ਫ਼ਰਕ ਨਹੀਂ ਹੈ

ਤੈਨੂੰ ਜੇ ਲੱਗਦਾ ਹੈ

"ਕਿੱਥੋਂ", "ਕਿਉਂ", "ਕਿਸ ਲਈ" ਦਾ

ਤੂੰ ਕੋਈ ਉੱਤਰ ਦੇ ਨਹੀਂ ਸਕਦਾ

ਤੈਨੂੰ ਜੇ ਲੱਗਦਾ ਹੈ

ਕਿ ਬੱਸ ਹੌਕੇ ਹੀ ਤੇਰੀ ਹੋਣੀ ਨੇ

ਤੇ ਤੇਰੇ ਹਿੱਸੇ ਦਾ ਸ਼ਾਇਦ

ਧਰਤੀ 'ਤੇ ਕੋਈ ਗੀਤ ਨਹੀਂ ਹੈ

ਤੈਨੂੰ ਜੇ ਐਦਾਂ ਲੱਗਦਾ ਹੈ

ਤੇ ਐਦਾਂ ਲੱਗਦਾ ਰਹਿੰਦਾ ਹੈ

ਤੂੰ ਬਿਲਕੁਲ ਮੇਰੇ ਵਰਗਾ ਹੈਂ

ਮੇਰੇ ਵਰਗੇ!

ਕਦੇ ਨਾ ਸੋਚੀਂ ਕਿ ਧਰਤੀ 'ਤੇ

ਤੇਰਾ ਕੋਈ ਮੀਤ ਨਹੀਂ ਹੈ.


ਓਹ ਤੇ ਮੈਂ


ਓਹ ਵੀ ਤੂੰ

ਤੇ ਆਹ ਵੀ ਤੂੰ

ਮੇਰੀ ਮਿੱਟੀ ਤੂੰ

ਮੇਰੇ ਸਾਹ ਵੀ ਤੂੰ।


ਹਰ ਹਸਤੀ ਵਿਚਲੀ

ਹਸਤੀ ਤੂੰ

ਹਰ ਦੁੱਖ-ਸੁੱਖ ਪਿਛਲੀ

ਮਸਤੀ ਤੂੰ।


ਹਰ ਰਹਿਮਤ ਹੈ ਜੋ

ਤੇਰੀ ਹੈ

ਹਰ ਜਹਿਮਤ 

ਗ਼ਲਤੀ ਮੇਰੀ ਹੈ।


ਮੈਂਨੂੰ ਵਜਦ ਮਿਲੇ

ਹੈ ਰਜ਼ਾ ਤੇਰੀ

ਡਰ-ਲਾਲਚ ਬਣਦੇ

ਸਜ਼ਾ ਮੇਰੀ।


ਨਾ ਖਾਸ ਰਹੇ

ਨਾ ਆਮ ਰਹੇ

ਹਰ ਸੂਰਤ

ਤੇਰਾ ਨਿਜ਼ਾਮ ਰਹੇ।


ਮੈਂਨੂੰ ਹਾਰਾਂ ਵਿਚਲੀ

ਜੈ ਕਰਦੇ

ਮੇਰੀ ਮੈਂ-ਮੈਂ ਨੂੰ

ਬੱਸ ਮੈਂ ਕਰਦੇ।


ਰੁਬਾਈਆਂ


ਬਰਸਦੀ ਹਰ ਤਰਫ਼ ਸ਼ਰਾਬ ਰਹੇ

ਤੇਰੀ ਨੀਅਤ ਵੀ ਕੁਛ ਖ਼ਰਾਬ ਰਹੇ

ਹੱਥ ਪਰ ਜਾਮ ਵਲ ਵਧੇ ਜਦ ਵੀ

ਕਰੀਂ ਦੁਆ ਕਿ ਤੇਰੀ ਪਿਆਸ ਕਾਮਯਾਬ ਰਹੇ.


ਜਿਸ ਨੂੰ ਚਾਹਿਆ ਸੀ ਪਾ ਲਈ ਹੈ ਹੁਣ

ਮੇਰੇ ਘਰ ਨੂੰ ਸਜਾ ਰਹੀ ਹੈ ਹੁਣ

ਫੇਰ ਕਿਉਂ ਇਹ ਫ਼ਰੇਬ,ਮੇਰੇ ਖ਼ੁਦਾ

ਹੋਰ ਇੱਕ ਨਜ਼ਰ ਆ ਰਹੀ ਹੈ ਹੁਣ?


ਕੋਈ ਸਜਦਾ, ਕੋਈ ਸਲਾਮ ਨਹੀਂ

ਕੋਈ ਅਰਜ਼ੀ, ਕੋਈ ਪੈਗ਼ਾਮ ਨਹੀਂ

ਮਿਲ ਗਿਆ ਆਪਣਾ ਪਤਾ ਜਦ ਤੋਂ

ਮੇਰਾ ਕੋਈ ਖ਼ਤ ਕਿਸੇ ਦੇ ਨਾਮ ਨਹੀਂ.


ਕੋਈ ਦੌਲਤ, ਕੋਈ ਸ਼ਬਾਬ ਨਹੀਂ

ਕਿਸੇ ਜੰਨਤ ਦਾ ਕੋਈ ਖ਼ਾਬ ਨਹੀਂ

ਏਸ ਬੇ-ਹੋਸ਼ੀਆਂ ਦੀ ਮੰਡੀ ਵਿੱਚ

ਹੋਸ਼ ਮੰਗਦਾ ਹਾਂ ਮੈਂ, ਸ਼ਰਾਬ ਨਹੀਂ.


ਟੱਪੇ


ਸੋਹਣਾ ਘਰ ਜੋ ਵਸਾਂਦੀ ਏ,

ਸਭ ਤੋਂ ਉਹ ਸੋਹਣੀ

ਭਾਵੇਂ ਵਾਲਾਂ ਵਿੱਚ ਚਾਂਦੀ ਏ.


ਰੰਗ ਚਾਰੇ ਪਾਸੇ ਨੇ,

ਫੁੱਲਾਂ ਵਿੱਚ ਮਹਿਕ ਤੇਰੀ

ਤੇਰੇ ਪੌਣਾਂ ਵਿੱਚ ਹਾਸੇ ਨੇ.


ਗਲ਼ ਕਾਲੀ-ਕਾਲੀ ਗਾਨੀ ਫੱਬਦੀ,

ਸੋਹਣੀਆਂ ਤੋਂ ਸੋਹਣੀ ਤੱਕ ਲਈ

ਕੋਈ ਤੇਰੇ ਜਿਹੀ ਨਹੀਂ ਲੱਗਦੀ.


ਲਿਖੇ ਕਬਰਾਂ 'ਤੇ ਨਾਂ ਪੜ੍ਹ ਲੈ,

ਛੱਡ ਦੇ ਜ਼ੁਲਮਾਂ ਨੂੰ

ਬੱਸ ਪਿਆਰ ਦੀ ਬਾਂਹ ਫੜ ਲੈ.

ਸੰਪਰਕ -


ਨਿਰਮਲ ਦੱਤ
 

#3060,47-ਡੀ,

ਚੰਡੀਗੜ੍ਹ 

ਮੋਬਾਈਲ -98760-13060

Contact -

Nirmal Datt 

# 3060,47-D,

Chandigarh 

Mobile -98760-13060



Post a Comment

0 Comments