‘ਸੰਮਾਂ ਵਾਲੀ ਡਾਂਗ’ ਪੇਂਡੂ ਕਿਸਾਨੀ ਦੀ ਹਾਲਤ ਨੂੰ ਪਰਤੱਖ ਕਰਦਾ ਨਾਟਕ

ਪੇਂਡੂ ਕਿਸਾਨੀ ਦੀ ਹਾਲਤ ਨੂੰ ਪਰਤੱਖ ਕਰਦਾ ਨਾਟਕ ਸੰਮਾਂ ਵਾਲੀ ਡਾਂਗ

ਸੰਮਾਂ ਵਾਲੀ ਡਾਂਗ ;ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਦੀ ਪ੍ਰਤੀਕ ਰਹੀ ਹੈ। ਇਹ ਪੰਜਾਬੀ ਵਿਅਕਤੀ ਦੀ ਸਖ਼ਸੀਅਤ ਨੂੰ ਨਿਖਾਰਨ ਵਿੱਚ ਵੀ ਯੋਗਦਾਨ ਪਾਉਂਦੀ ਸੀ। ਸਾਡੇ ਵਡੇਰੇ ਸ਼ੌਕ ਨਾਲ ਸੰਮਾਂ ਵਾਲੀ ਡਾਂਗ ਹੱਥ ਵਿੱਚ ਰਖਦੇ ਸਨ ਅਤੇ ਲੋੜ ਪੈਣ ਤੇ ਵਰਤ ਵੀ ਲੈਂਦੇ ਸਨ। ਇਸੇ ਦੇ ਨਾਂ ਹੇਠ ਤਿਆਰ ਕੀਤਾ ਗਿਆ ਹੈ ਇੱਕ ਸ਼ਾਨਦਾਰ ਨਾਟਕ ਸੰਮਾਂ ਵਾਲੀ ਡਾਂਗ।

ਅਦਾਕਾਰ ਮੰਚ ਮੋਹਾਲੀ ਵੱਲੋਂ ਨਾਟਕ ‘‘ਸੰਮਾਂ ਵਾਲੀ ਡਾਂਗ’’ ਦੇਸ਼ ਵਿਦੇਸ਼ ਦੀ ਧਰਤੀ ਤੇ ਲੱਗਭੱਗ ਦੋ ਸੌ ਵਾਰ ਖੇਡਿਆ ਜਾ ਚੁੱਕਾ ਹੈ। ਇਹ ਇੱਕ ਪਾਤਰੀ ਨਾਟਕ ਹੈ, ਜਿਸਦੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਡਾ: ਸਾਹਿਬ ਸਿੰਘ ਹਨ। ਬੀਤੇ ਦਿਨ ਇਹ ਨਾਟਕ ਪੀਪਲਜ ਲਿਟਰੇਰੀ ਫੈਸਟੀਵਲ ਦੇ ਅਖੀਰਲੇ ਦਿਨ ਟੀਚਰਜ ਹੋਮ ਬਠਿੰਡਾ ਦੇ ਹਾਲ ਵਿੱਚ ਖੇਡਿਆ ਗਿਆ। ਹਾਲ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ, ਜਿਹਨਾਂ ਵਿੱਚ ਔਰਤਾਂ ਵੀ ਕਾਫ਼ੀ ਗਿਣਤੀ ਵਿੱਚ ਸ਼ਾਮਲ ਸਨ।

      ਨਾਟਕ ਕਿਸਾਨੀ ਤੇ ਆਧਾਰਤ ਹੈ ਅਤੇ ਪੰਜਾਬ ਦੀ ਅਤਿ ਮਾੜੀ ਆਰਥਿਕ ਹਾਲਤ ਦੀ ਬਾਤ ਪਾਉਂਦਾ ਹੈ। ਇਸ ਤੰਗੀ ਲਈ ਸਰਕਾਰਾਂ ਦੀਆਂ ਨੀਤੀਆਂ ਅਤੇ ਨਾ-ਜਿੰਮੇਵਾਰੀ ਨੂੰ ਪਰਗਟ ਕਰਦਾ ਹੈ। ਨਾਟਕ ਵੇਖਦਿਆਂ ਭਾਵੇਂ ਦਰਸਕਾਂ ਨੂੰ ਕਈ ਵਾਰ ਸਰਕਾਰਾਂ ਪ੍ਰਤੀ ਗੁੱਸਾ ਵੀ ਆਇਆ ਪਰ ਕਈ ਵਾਰ ਉਹਨਾਂ ਦੀਆਂ ਅੱਖਾਂ ਨਮ ਵੀ ਹੋਈਆਂ। ਜਦ ਅਦਾਕਾਰ ਨੇ ਸਰਕਾਰਾਂ ਦੀ ਬੇਰੁਖੀ ਕਾਰਨ ਕਿਸਾਨ ਦੇ ਪਰੀਵਾਰ ਦੀ ਹਾਲਤ ਇਉਂ ਪੇਸ਼ ਕੀਤੀ, ‘‘ਕਿਸਾਨ ਦੀ ਧੀ ਦਾ ਵਿਆਹ ਹੈ, ਵਿਆਹ ਤੋਂ ਇੱਕ ਦਿਨ ਪਹਿਲਾਂ ਉਸਦੇ ਪੁੱਤਰ ਦੀ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਂਦੀ ਹੈ। ਕਿਸਾਨ ਨੇ ਆਪਣੇ ਪੁੱਤਰ ਦਾ ਸਸਕਾਰ ਵੀ ਕੀਤਾ ਅਤੇ ਧੀ ਦਾ ਡੋਲਾ ਵੀ ਤੋਰਿਆ।’’ ਉਸ ਵੱਲੋਂ ਜਦ ਇਹ ਦੋਵੇਂ ਜਿੰਮੇਵਾਰੀਆਂ ਨਿਭਾਉਣ ਦਾ ਦ੍ਰਿਸ਼ ਪੇਸ਼ ਕੀਤਾ ਤਾਂ ਲੱਗਭੱਗ ਹਰ ਮਰਦ ਔਰਤ ਦਰਸ਼ਕ ਦੀਆਂ ਅੱਖਾਂ 'ਚੋਂ ਹੰਝੂ ਵਗ ਤੁਰੇ।

      ਨਾਟਕ ਪੇਂਡੂ ਕਿਸਾਨੀ ਦੀ ਮਾੜੀ ਆਰਥਿਕ ਹਾਲਤ ਲਈ ਪੂਰੀ ਤਰ੍ਹਾਂ ਸਰਕਾਰਾਂ ਦੀਆਂ ਨੀਤੀਆਂ ਤੇ ਬੇਰੁਖੀ ਨੂੰ ਜਿੰਮੇਵਾਰ ਠਹਿਰਾਉਂਦਾ ਹੈ। ਜਿਹਨਾਂ ਨੇ ਪੇਂਡੂ ਕਿਸਾਨਾਂ ਦੇ ਸ਼ੌਕ ਤਾਂ ਖਤਮ ਕਰ ਹੀ ਦਿੱਤੇ ਹਨ ਅਤੇ ਹੁਣ ਉਹਨਾਂ ਦੀ ਰਸੋਈ ਦੀ ਹਾਲਤ ਵੀ ਖਸਤਾ ਕਿਨਾਰੇ ਹੈ।  ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਵੱਲੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਦੁੱਭਰ ਹੋ ਰਿਹਾ ਹੈ। ਆਖ਼ਰ ਇਹਨਾਂ ਨੀਤੀਆਂ ਦੇ ਘਾੜਿਆਂ ਨੂੰ ਸੱਪ ਨਾਲ ਤੁਲਨਾ ਕਰਦਾ ਹੋਇਆ ਇਸ ਸਿੱਟੇ ਤੇ ਪਹੁੰਚਦਾ ਹੈ ਇਹ ਸੱਪ ਵਿਹੜੇ, ਪਸੂਆਂ ਵਾਲੇ ਵਾੜੇ ਹੁੰਦਾ ਹੋਇਆ ਜਦ ਸਬਾਤ ਵਿੱਚ ਪਹੁੰਚ ਜਾਂਦਾ ਹੈ ਤਾਂ ਇਹ ਖ਼ਤਰਾ ਪੈਦਾ ਹੋ ਜਾਂਦਾ ਹੈ ਕਿ ਇਸਤੋ ਅੱਗੇ ਹੁਣ ਇਹ ਰਸੋਈ ਵਿੱਚ ਪਹੁੰਚ ਜਾਵੇਗਾ। ਇਸ ਸਥਿਤੀ ਵਿੱਚ ਤਾਂ ਸਖ਼ਤ ਫੈਸਲਾ ਲੈਣਾ ਹੀ ਪਵੇਗਾ। ਆਖ਼ਰ ਕਿਸਾਨ ਸੰਮਾਂ ਵਾਲੀ ਡਾਂਗ ਚੁੱਕ ਕੇ ਇਸ ਸੱਪ ਨੂੰ ਖਤਮ ਕਰਕੇ ਪਰ੍ਹਾਂ ਵਗਾਹ ਮਾਰਦਾ ਹੈ ਤਾਂ ਉਸਨੂੰ ਸ਼ਾਂਤੀ ਮਿਲਦੀ ਹੈ। ਨਾਟਕ ਦਾ ਅੰਤ ਸਪਸ਼ਟ ਕਰਦਾ ਹੈ ਕਿ ਜਾਣਬੁੱਝ ਕੇ ਪੈਦਾ ਕੀਤੀਆਂ ਸਮੱਸਿਆਵਾਂ ਦਾ ਹੱਲ ਕੇਵਲ ਸੰਮਾਂ ਵਾਲੀ ਡਾਂਗਹੀ ਹੈ।

      ਇਹ ਨਾਟਕ ਅੱਜ ਦੇ ਸਮੇਂ ਦੀ ਪੇਂਡੂ ਕਿਸਾਨੀ ਦੇ ਸੱਚ ਨੂੰ ਉਜਾਗਰ ਕਰਦਾ ਹੈ, ਕਿ ਕਿਸਾਨ ਦੇਸ਼ ਭਗਤ ਵੀ ਹੈ, ਸਰਹੱਦਾਂ ਦੀ ਰਾਖੀ ਵੀ ਕਰਦਾ ਹੈ, ਅੰਨ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਵੀ ਭਰਦਾ ਹੈ, ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਵੀ ਬਣਿਆ ਰਹਿੰਦਾ ਹੈ ਅਤੇ ਖ਼ੁਦ ਅਤਿ ਦੁੱਖਾਂ ਭਰਿਆ ਜੀਵਨ ਬਤੀਤ ਕਰਦਾ ਹੈ। ਨਾਟਕ ਦਰਸ਼ਕਾਂ ਵਿੱਚ ਜੋਸ਼ ਤੇ ਰੋਹ ਭਰਦਾ ਹੈ, ਹੱਕਾਂ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੰਦਾ ਹੈ ਅਤੇ ਸਹੀ ਹੱਲ ਕਰਨ ਵੱਲ ਸੰਕੇਤ ਕਰਦਾ ਹੈ।

      ਡਾ: ਸਾਹਿਬ ਸਿੰਘ ਦੀ ਅਦਾਕਾਰੀ ਵੀ ਕਮਾਲ ਦੀ ਹੈ, ਨਾਟਕ ਖੇਡਦਿਆਂ ਉਸਦੇ ਸਰੀਰਕ ਅੰਗਾਂ ਦੀ ਹਰਕਤ, ਬੋਲਣ ਦਾ ਤੌਰ ਤਰੀਕਾ, ਦਰਸ਼ਕਾਂ ਨੂੰ ਇਸ ਹੱਦ ਤੱਕ ਕੀਲ ਕੇ ਰੱਖ ਲੈਂਦਾ ਹੈ ਕਿ ਜਦੋਂ ਉਹ ਚੁੱਪ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਹੈ, ਉਸ ਸਮੇਂ ਵੀ ਦਰਸ਼ਕ ਸ਼ਾਂਤ ਚਿੱਤ ਬੈਠੇ ਉਸਦੇ ਮੂੰਹੋਂ ਨਿਕਲਣ ਵਾਲੇ ਕਿਸੇ ਸ਼ਬਦ ਦੀ ਉਡੀਕ ਕਰਦੇ ਰਹਿੰਦੇ ਹਨ। ਦਰਸ਼ਕਾਂ ਦੇ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਕੁੱਲ ਮਿਲਾ ਕੇ ਨਾਟਕ ਸੰਮਾਂ ਵਾਲੀ ਡਾਂਗਅਤੇ ਅਦਾਕਾਰ ਡਾ: ਸਾਹਿਬ ਸਿੰਘ ਦੀ ਕਲਾ ਦੋਵੇਂ ਹੀ ਸਲਾਘਾਯੋਗ ਹਨ।

ਬਲਵਿੰਦਰ ਸਿੰਘ ਭੁੱਲਰ

ਮੋਬਾ: 098882 75913


Post a Comment

0 Comments