ਕਹਾਣੀ ਭੂਤ

ਕਹਾਣੀ 


ਲਖਵਿੰਦਰ ਸਿੰਘ ਬਾਜਵਾ 

ਭੂਤ

ਮੈਂ ਜਿਓਂ-ਜਿਓਂ ਪੈਡਲਾਂ ਤੇ ਹੋਰ ਜੋਰ ਲਾ ਰਿਹਾ ਸਾਂ, ਸਾਇਕਲ ਹੋਰ ਭਾਰਾਂ ਹੁੰਦਾ ਜਾ ਰਿਹਾ ਸੀ। ਡਰ ਕੇ ਪਸੀਨੇ ਨਾਲ ਭਿੱਜਾ ਹੋਇਆ ਮੇਰਾ ਸਰੀਰ ਸਾਹ ਸਤ ਛੱਡਦਾ ਜਾ ਰਿਹਾ ਸੀ। ਅਖੀਰ ਮੇਰਾ ਯਤਨ ਬਿਅਰਥ ਹੋ ਗਿਆ ਅਤੇ ਸਾਇਕਲ ਇੱਕ ਪਾਸੇ ਨੂੰ ਉੱਲਰ ਗਿਆ। ਮੈਂ ਬੇ-ਬੱਸ ਜਿਹਾ ਹੋਇਆ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੜਕ 'ਤੇ ਲੁੜਕ ਗਿਆ ਤੇ ਆਪ ਮੁਹਾਰੇ ਇੱਕ ਹਿਰਦੇ ਵਿਦਾਰਕ ਚੀਕ ਮੇਰੇ ਸੰਘ ਵਿੱਚੋਂ ਨਿਕਲ ਕੇ ਵਾਤਾਵਰਣ ਵਿੱਚ ਫੈਲ ਗਈ।

 

                      ਅਸੀਂ ਏਸੇ ਸੜਕ ਤੇ ਹਮੇਸ਼ਾਂ ਸਕੂਲ ਜਾਇਆ ਕਰਦੇ ਸਾਂ। ਇੱਕੋ ਪਿੰਡ ਦੇ ਛੇ-ਸੱਤ ਜਣੇ ਇਕੱਠੇ ਹੀ, ਹੱਸਦੇ ਖੇਡਦੇ ਗੱਲਾਂ ਬਾਤਾਂ ਕਰਦੇ, ਕਦੇ ਜਿੱਦ ਕੇ ਤੇ ਕਦੇ ਸ਼ੌਕ ਨਾਲ ਸਾਇਕਲ ਭਜਾਉਂਦੇ ਸਕੂਲ ਪਹੁੰਚ ਜਾਂਦੇ ਤੇ ਫਿਰ ਵਾਪਸੀ ਵੇਲੇ ਤਾਂ ਹੋਰ ਵੀ ਬੇ-ਫ਼ਿਕਰੀ ਹੁੰਦੀ, ਕਿਉਂਕਿ ਉਦੋਂ ਵਕਤ ਦੀ ਪਾਬੰਦੀ ਵੀ ਨਹੀਂ ਹੁੰਦੀ ਸੀ। ਪਰ ਸਵੇਰੇ ਸਕੂਲ ਪਹੁੰਚਣ ਦੀ ਕਾਹਲ ਹੁੰਦੀ।

 

               ਸਕੂਲ ਪਿੰਡ ਤੋਂ ਕੋਈ ਛੇ ਸੱਤ ਕਿਲੋਮੀਟਰ ਹੋਵੇਗਾ। ਘਰੋਂ ਤੁਰਦਿਆਂ ਮਾਵਾਂ ਤਾੜਨਾ ਨਾਲ ਹਿਦਾਇਤ ਕਰਦੀਆਂ ਕਿ ਸਾਇਕਲ ਹੌਲੀ ਚਲਾਉਣਾ ਹੈ। ਸਾਇਕਲ ਸੜਕ ਦੇ ਇੱਕ ਤਰਫ਼ ਚਲਾਇਓ, ਜੇ ਕੋਈ ਵਾਹਨ ਅੱਗੋਂ ਆਉਂਦਾ ਹੋਵੇ ਤਾਂ ਕੱਚੇ 'ਤੇ ਲਾਹ ਲੈਣਾ ਆਦਿ। ਪਰ ਅਸੀਂ ਸੜਕ ਤੇ ਚੜ੍ਹਦੇ ਹੀ ਮਾਵਾਂ ਦੀਆਂ ਸਾਰੀਆਂ ਸਿਖਿਆਵਾਂ ਦੀਆਂ ਧੱਜੀਆਂ ਉਡਾ ਦੇਂਦੇ ਜਾਂ ਇੰਜ ਸਮਝ ਲਓ ਕਿ ਘਰ ਦੇ ਬੂਹੇ ਤੋਂ ਬਾਹਰ ਨਿਕਲਦਿਆ ਹੀ ਉਹ ਸਾਰੀਆਂ ਗੱਲਾਂ ਉਥੇ ਹੀ ਛੱਡ ਜਾਂਦੇ ਤੇ ਬੇ-ਫ਼ਿਕਰ ਹੋ ਕੇ ਮਨ ਮਰਜੀ ਨਾਲ ਸਾਇਕਲ ਭਜਾਉਂਦੇ ਚੱਲ ਪੈਂਦੇ।

 

                            ਭਾਵੇਂ ਉਦੋਂ ਹੁਣ ਜਿੰਨੀ ਟਰੈਫਿਕ ਨਹੀਂ ਸੀ, ਪਰ ਫੇਰ ਵੀ ਸੜਕ ਕਾਫੀ ਸੌੜੀ ਸੀ। ਅਸੀਂ ਬਿਨਾਂ ਕਿਸੇ ਦੁਰਘਟਨਾਂ ਦੀ ਪ੍ਰਵਾਹ ਕੀਤੇ ਸਾਹਮਣੇ ਤੋਂ ਆਉਂਦੇ ਵਾਹਨਾ ਦੇ ਐਨ ਲਾਗੋਂ ਲੰਘ ਜਾਂਦੇ ਤੇ ਪੱਕੀ ਸੜਕ ਦੇ ਕਿਨਾਰੇ ਤੋਂ ਥੱਲੇ ਸਾਇਕਲ ਨਾ ਉਤਾਰਦੇ। ਸਾਡੇ ਵਿੱਚ ਆਤਮ ਵਿਸ਼ਵਾਸ਼ ਸੀ ਜੋ ਬਚਪਨ ਦੀ ਬੇ-ਪ੍ਰਵਾਹੀ ਦਾ ਇੱਕ ਅੰਗ ਹੀ ਹੁੰਦੈ। ਨਾ ਡਰ ਨਾ ਖੌਫ। ਚਾਰ ਚਾਰ ਸਾਇਕਲ ਬਰਾਬਰ ਤੇ ਕਰ ਕੇ ਤੋਰਦੇ। ਪਰ ਤਿੰਨ ਚਾਰ ਦਿਨਾਂ ਤੋਂ ਸਾਡੇ ਵਿੱਚ ਇੱਕ ਖਾਸ ਤਬਦੀਲੀ ਆਈ ਸੀ। ਭਾਵੇਂ ਸਾਇਕਲ ਵੀ ਓਹੋ ਹੀ ਸਨ ਸੜਕ ਵੀ ਤੇ ਸੜਕ ਤੇ ਗੁਜਰਨ ਵਾਲੇ ਵਾਹਨ ਵੀ, ਪਰ ਇੱਕ ਅਨਜਾਣਾ ਜਿਹਾ ਭੈ ਦਿਲਾਂ ਵਿੱਚ ਬਾਰ-ਬਾਰ ਉੱਭਰ ਰਿਹਾ ਸੀ। ਜਿਸ ਦੀ ਤੰਦ ਪਿੰਡ ਦੇ ਇੱਕ ਬਜ਼ੁਰਗ ਦੁਆਰਾ ਦੱਸੀ ਘਟਨਾਂ ਵਿੱਚ ਉਲਝੀ ਹੋਈ ਸੀ।

                             ਅਸੀਂ ਸਾਰੇ ਬੱਚੇ ਜੋ ਲੱਗਭਗ ਦਸ ਤੋਂ ਬਾਰਾਂ ਸਾਲਾਂ ਦੀ ਉਮਰ ਦੇ ਹੋਵਾਂਗੇ, ਸਕੂਲੋਂ ਆ ਕੇ ਪਿੰਡ ਦੇ ਬਾਹਰਵਾਰ ਵੱਡੇ ਬੋੜ੍ਹ ਦੀ ਠੰਡੀ ਛਾਂ ਹੇਠਾਂ ਖੇਡਣ ਲਈ ਚਲੇ ਜਾਂਦੇ। ਜਿੱਥੇ ਸਾਡੇ ਹੋਰ ਹਮ ਉਮਰ ਸਕੂਲ ਨਾ ਜਾਣ ਵਾਲੇ ਬੱਚੇ ਵੀ ਹੁੰਦੇ। ਬੋਹੜ ਦੀ ਠੰਡੀ ਛਾਵੇਂ ਕੰਮ ਤੋਂ ਵਿਹਲੇ ਹੋਏ ਥੱਕੇ ਹੋਏ ਹੋਰ ਲੋਕ ਵੀ ਅਕਸਰ ਅਰਾਮ ਕਰਨ ਲਈ ਆਪਣੇ ਮੰਜੇ ਚੁੱਕ ਲਿਆਉਂਦੇ। ਬੱਚੇ ਖਰਮਸਤੀ ਕਰਦੇ ਧੂੜ ਉਡਾਉਂਦੇ, ਬਜ਼ੁਰਗ ਬੈਠਕੇ ਆਪਣੀ ਵਿਚਾਰ ਚਰਚਾ ਕਰਦੇ ਤੇ ਨੌਜਵਾਨ ਤਾਸ਼ ਖੇਡਕੇ ਆਪਣਾ ਸਮਾਂ ਬਤੀਤ ਕਰਦੇ। ਕੁਝ ਥੱਕੇ ਹਾਰੇ ਲੋਕ ਠੰਡੀ ਛਾਵੇਂ ਮਿੱਠੀ ਨੀਂਦ ਦੀ ਆਗੋਸ਼ ਦਾ ਸੁਖ ਮਾਣਦੇ। ਇਸ ਤਰ੍ਹਾਂ ਉੱਥੇ ਇੱਕ ਕਿਸਮ ਦਾ ਮੇਲਾ ਜਿਹਾ ਲੱਗਾ ਜਾਂਦਾ। ਜਿਸ ਦਾ ਅਨੰਦ ਮਾਨਣ ਨੂੰ ਮਨ ਮਚਲ ਉੱਠਦਾ ਤੇ ਅਸੀਂ ਸਕੂਲੋਂ ਆਉਂਦੇ ਹੀ ਬਸਤੇ ਸੁੱਟ, ਓਧਰ ਭੱਜ ਤੁਰਦੇ। ਮਾਵਾਂ ਅਵਾਜ਼ਾਂ ਮਾਰਦੀਆਂ ਰਹਿ ਜਾਂਦੀਆਂ, "ਰੋਟੀ ਤਾਂ ਚੱਜ ਨਾਲ ਖਾ ਲਓ।ਪਰ ਅਸੀਂ ਕਾਹਲੀ ਕਾਹਲੀ ਰੋਟੀ ਦੀਆਂ ਵੱਡੀਆਂ ਵੱਡੀਆਂ ਬੁਰਕੀਆਂ ਕਰਦੇ ਜਾਂ ਅੱਧ ਪਚੱਧੀ ਥਾਲੀ ਵਿੱਚ ਛੱਡ ਕੇ ਉੱਠ ਭੱਜਦੇ ਜਾਂ ਫੇਰ ਹੱਥ ਵਿੱਚ ਫੜਕੇ ਖਾਂਦੇ ਖਾਂਦੇ ਦੌੜ ਕੇ ਸਮੇਂ ਦੀ ਬੱਚਤ ਕਰ ਲੈਂਦੇ।

 

                                        ਬੋੜ੍ਹ ਦੀ ਦਾੜ੍ਹੀ ਫੜ ਕੇ ਝੂਟਦੇ ਨੀਵਿਆਂ ਟਹਿਣਾ ਤੇ ਚੜ੍ਹ ਕੇ ਖਰਮਸਤੀ ਕਰਦੇ। ਇੱਕ ਦਿਨ ਏਸੇ ਤਰ੍ਹਾਂ ਸਾਡਾ ਇੱਕ ਸਾਥੀ ਬੋੜ੍ਹ ਦੀ ਇੱਕ ਨੀਵੀਂ ਜਿਹੀ ਟਹਿਣੀ ਤੋਂ ਡਿੱਗ ਪਿਆ। ਉਸ ਨੂੰ ਥੋੜੀ ਬਹੁਤ ਸੱਟ ਲੱਗੀ ਤੇ ਉਹ ਰੋਣ ਲੱਗ ਪਿਆ । ਉਥੇ ਬੈਠੇ ਇੱਕ ਆਦਮੀ ਨੇ ਕਿਹਾ, “ਤੁਹਾਨੂੰ ਕਿਹਾ ਸੀ ਬੋੜ੍ਹ ਤੇ ਨਾ ਖੇਡਿਆ ਕਰੋ, ਇਹ ਬੋੜ੍ਹ ਪੱਕਾ ਹੈ।"

 

ਬੋੜ੍ਹ ਪੱਕਾ ਹੈ ?”

" ਇਹ ਪੱਕੇ ਦਾ ਕੀ ਮਤਲਬ ਹੁੰਦੈ ?”

 

ਸਾਡੇ ਮਨਾ ਵਿੱਚ ਕਈ ਖਿਆਲ ਉੱਭਰੇ, ਕਿਉਂਕਿ ਪਹਿਲਾਂ ਵੀ ਕਈਆਂ ਨੇ ਸਾਨੂੰ ਬੋੜ੍ਹ ਤੇ ਚੜ੍ਹ ਕੇ ਨਾ ਖੇਡਣ ਦੀ ਤਾੜਨਾ ਕੀਤੀ ਸੀ। ਪਰ ਅਸੀਂ ਤਾਂ ਇਹ ਹੀ ਸੋਚਦੇ ਸਾਂ ਕਿ ਸ਼ਾਇਦ ਸੱਟ ਫੇਟ ਲੱਗਣ ਤੋਂ ਬਚਾਉਣ ਲਈ ਇਸ ਤਰ੍ਹਾਂ ਕਿਹਾ ਜਾਂਦਾ ਹੈ। ਗੱਲ ਕਿਸੇ ਹੱਦ ਤੱਕ ਜਚਦੀ ਵੀ ਏਹੋ ਸੀ। ਪਰ ਪੱਕਾ? ਬੋੜ੍ਹ ਪੱਕਾ ਹੈ। ਇਹ ਸਾਡੀ ਸਮਝ ਵਿੱਚ ਨਾ ਆਇਆ। ਕੱਚੇ ਦੀ ਸਮਝ ਤਾਂ ਆਉਂਦੀ ਸੀ ਕਿ ਉਹ ਜਲਦੀ ਟੁੱਟ ਸਕਦੈ ਪਰ ਪੱਕਾ?

 

ਅਸੀਂ ਜਗਿਆਸਾ ਵੱਸ ਉਸੇ ਆਦਮੀ ਨੂੰ ਪੁੱਛਿਆ, “ਚਾਚਾ ਪੱਕਾ ਕੀ ਹੁੰਦੈ?”

 

ਉਹ ਦੱਸਣ ਹੀ ਲੱਗਾ ਸੀ ਕਿ ਕੋਲ ਬੈਠਾ ਇੱਕ ਬਜ਼ੁਰਗ ਬੋਲ ਪਿਆ,

 

"ਪੱਕੇ ਦਾ ਮਤਲਬ ਹੁੰਦੈ ਕਿ ਇਸ ਬੋੜ੍ਹ 'ਤੇ ਜਾਂ ਵੱਡੇ ਰੁੱਖਾਂ ਉੱਤੇ ਕਈ ਤਰ੍ਹਾਂ ਦੀਆਂ ਆਤਮਾਵਾਂ ਵਾਸ ਕਰਦੀਆਂ ਨੇ। ਤੇ ਕਈ ਵਾਰ ਉਹ ਨਰਾਜ਼ ਹੋ ਜਾਣ ਤੇ ਧੱਕਾ ਮਾਰ ਕੇ ਥੱਲੇ ਵੀ ਸੁੱਟ ਦੇਂਦੀਆਂ ਨੇ ਜਾਂ ਉਸ ਆਦਮੀ ਦੇ ਅੰਦਰ ਵੀ ਵਾਸ ਕਰ ਲੈਂਦੀਆਂ ठे।

 

"ਇਹ ਆਤਮਾਵਾਂ ਕੀ ਹੁੰਦੀਆਂ?” ਕਈ ਬੱਚਿਆਂ ਨੇ ਉਤਸਕਤਾ ਵੱਸ ਨਵੀਂ ਜਾਣਕਾਰੀ ਲੈਣ ਲਈ ਪੁੱਛਿਆ।

 

ਭੂਤ, ਪ੍ਰੇਤ ਆਦਿ।

 

"ਭੂਤ ਪ੍ਰੇਤ ਕੀ ਹੁੰਦੇ ਨੇ?”

 

ਭੂਤ ਪ੍ਰੇਤ, ਮੈਂ ਤੁਹਾਨੂੰ ਦੱਸਦਾਂ।ਉਸ ਨੇ ਬੱਚਿਆਂ ਨੂੰ ਬਹਿਣ ਦਾ ਇਸ਼ਾਰਾ ਕੀਤਾ। ਅਸੀਂ ਸਾਰੇ ਗੋਲ ਘੇਰੇ ਵਿਚ ਬਹਿ ਗਏ। ਬਜ਼ੁਰਗ ਨੇ ਆਪਣੀ ਗੱਲ ਜਾਰੀ ਰੱਖੀ।

 

ਇੱਕ ਵਾਰ ਦੀ ਗੱਲ ਹੈ, ਇੱਕ ਕੁੜੀ ਜੋ ਆਪਣੇ ਪਿੰਡੋਂ ਪੂਰੇ ਸੱਤ ਮੀਲ 'ਤੇ ਇੱਕ ਸਰਕਾਰੀ ਸਕੂਲ ਵਿੱਚ ਭੈਣ ਜੀ ਲੱਗੀ ਹੋਈ ਸੀ। ਹਰ ਰੋਜ ਸਾਇਕਲ ਤੇ ਸਕੂਲ ਜਾਂਦੀ ਹੁੰਦੀ ਸੀ। ਉਸ ਦੇ ਮਾਪਿਆਂ ਨੇ ਕਈ ਵਾਰ ਉਸ ਨੂੰ ਰੋਕਿਆ ਵੀ ਸੀ ਕਿ ਕੱਲੀ ਸਾਇਕਲ 'ਤੇ ਸਕੂਲ ਨਾ ਜਾਇਆ ਕਰੇ । ਪਰ ਉਹ ਕਹਿੰਦੀ ਸੀ ਮੈਨੂੰ ਤਾਂ ਕਿਸੇ ਤੋਂ ਡਰ ਨਹੀਂ ਆਉਂਦਾ।

 

                                                  ਇੱਕ ਦਿਨ ਉਹ ਰੋਜ ਦੀ ਤਰ੍ਹਾਂ ਆਪਣੇ ਸਾਈਕਲ ਤੇ ਸਕੂਲ ਜਾ ਰਹੀ ਸੀ। ਉਸ ਦੇ ਰਸਤੇ ਵਿੱਚ ਇੱਕ ਨਹਿਰ ਪੈਂਦੀ ਸੀ ਤੇ ਨਹਿਰ ਦਾ ਪੁਲ ਲੰਘ ਕੇ ਅੱਗੇ ਜਾਣਾ ਪੈਂਦਾ ਸੀ। ਉਸ ਦਿਨ ਜਦੋਂ ਉਹ ਨਹਿਰ ਦੇ ਪੁਲ ਤੇ ਪੁੱਜੀ ਤਾਂ ਉਸ ਨੇ ਵੇਖਿਆ ਨਹਿਰ ਦੇ ਪੁਲ 'ਤੇ ਇੱਕ ਬੁੱਢੜੀ ਮਾਈ ਬੈਠੀ ਹੋਈ ਹੈ। ਮਾਈ ਨੇ ਇਸ਼ਾਰਾ ਕਰਕੇ ਸਾਈਕਲ ਰੁਕਵਾਈ ਤੇ ਉਸ ਨੂੰ ਕਿਹਾ," ਪੁੱਤਰ ਮੈਂ ਤੁਰ ਤੁਰ ਕੇ ਥੱਕ ਗਈ ਹਾਂ, ਇਸ ਕਰਕੇ ਮੈਨੂੰ ਸਾਈਕਲ ਤੇ ਪਿੱਛੇ ਬਿਠਾ ਕੇ ਲੈ ਚੱਲ।

                   ਉਸ ਕੁੜੀ ਨੂੰ ਮਾਈ 'ਤੇ ਤਰਸ ਆ ਗਿਆ। ਵੈਸੇ ਤਾਂ ਇੱਕ ਔਰਤ ਹੋਣ ਕਰਕੇ ਉਸ ਲਈ ਇਹ ਕੰਮ ਔਖਾ ਸੀ ਪਰ ਮਾਈ ਦੀ ਬੇ-ਬਸੀ ਵੇਖ ਕੇ ਉਹ ਮਨਾ ਨਾ ਕਰ ਸਕੀ ਅਤੇ ਸਾਈਕਲ ਦੇ ਪਿੱਛੇ ਮਾਈ ਨੂੰ ਬੈਠਾ ਕੇ ਚੱਲ ਪਈ।

 

               ਅਜੇ ਉਹ ਥੋੜੀ ਹੀ ਦੂਰ ਗਈ ਹੋਵੇਗੀ ਕਿ ਸਾਈਕਲ ਭਾਰਾ ਹੋਣਾ ਸ਼ੁਰੂ ਹੋ ਗਿਆ। ਕੁੜੀ ਨੇ ਵੇਖਿਆ ਹਵਾ ਵੀ ਅੱਗੋਂ ਨਹੀਂ ਸੀ। ਕੁਝ ਦੇਰ ਤਾਂ ਜੱਕੋ ਤੱਕੀ ਵਿੱਚ ਉਹ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਸੋਚ ਰਹੀ ਸੀ ਸ਼ਾਇਦ ਪਹਿਲਾਂ ਕਦੇ ਉਸ ਨੇ ਸਾਈਕਲ ਦੇ ਪਿੱਛੇ ਕਿਸੇ ਨੂੰ ਬੈਠਾ ਕੇ ਸਾਈਕਲ ਨਹੀਂ ਚਲਾਇਆ ਸੀ ਏਸ ਕਰਕੇ ਉਹ ਥੱਕ ਗਈ ਹੈ, ਪਰ ਫੇਰ ਹੌਲੀ ਹੌਲੀ ਸਾਈਕਲ ਹੋਰ ਭਾਰਾ ਹੁੰਦਾ ਗਿਆ ਤੇ ਅਖੀਰ ਰੁਕ ਗਿਆ। ਕੁੜੀ ਨੇ ਪਿੱਛੇ ਭੌਂ ਕੇ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।

 

ਪਿੱਛੇ ਬੈਠੀ ਮਾਈ ਹੁਣ ਕੋਈ ਭੂਤ ਦਾ ਰੂਪ ਧਾਰ ਗਈ ਸੀ। ਵੱਡੇ ਵੱਡੇ ਬਾਹਰ ਨੂੰ ਨਿਕਲੇ ਹੋਏ ਦੰਦ, ਕਾਲਾ ਰੰਗ, ਖਿਲਰੇ ਹੋਏ ਵਾਲ, ਲੰਮੇ ਲੰਮੇ ਨਹੁੰ, ਮੰਮੇ ਮੋਢਿਆਂ ਤੋਂ ਪਿਛਾਂਹ ਸੁੱਟੇ ਹੋਏ।

 

                     ਪਰ ਕੁੜੀ ਬੜੀ ਸਿਆਣੀ ਸੀ, ਕਿਉਂਕਿ ਉਹ ਪੜ੍ਹੀ ਲਿਖੀ ਸੀ। ਇਸ ਲਈ ਉਸ ਨੇ ਵਾਹਿਗੁਰੂ, ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ ਤੇ ਮੁੜ ਕੇ ਪਿੱਛੇ ਭੌਂ ਕੇ ਨਹੀਂ ਵੇਖਿਆ। ਕੁੜੀ ਨਾਮ ਦਾ ਜਾਪ ਕਰਦੀ ਰਹੀ।

 

     ਹੁਣ ਉਹ ਭੂਤ ਥੱਲੇ ਉਤਰੀ ਤੇ ਕੁੜੀ ਦੇ ਮੋਡੇ ਤੇ ਥਾਪੀ ਦੇ ਕੇ ਬੋਲੀ, “ਤੈਨੂੰ ਅੱਜ ਛੱਡਣਾ ਨਹੀਂ ਸੀ, ਪਰ ਤੂੰ ਨਾਮ ਲਿਆ ਹੈ ਇਸ ਕਰਕੇ ਬਚ ਗਈ ਐਂ। ਤੇਰੀ ਕਿਸਮਤ ਚੰਗੀ ਸੀ, ਜਾਹ।

 

            ਤੇ ਮਾਈ ਸਾਈਕਲ ਦੇ ਪਿੱਛੋਂ ਉੱਤਰ ਕੇ ਇੱਕ ਪਾਸੇ ਖੇਤਾਂ ਵੱਲ ਹੋ ਤੁਰੀ। ਹੁਣ ਉਸ ਨੇ ਫੇਰ ਮਾਈ ਵਾਲਾ ਰੂਪ ਧਾਰ ਲਿਆ ਸੀ। ਕੁੜੀ ਨੇ ਵੇਖਿਆ ਉਹ ਮਾਈ ਥੋੜ੍ਹਾ ਅੱਗੇ ਜਾ ਕੇ ਅਲੋਪ ਹੋ ਗਈ ਸੀ। ਕੁੜੀ ਘਰ ਪਹੁੰਚੀ ਤੇ ਇੱਕੀ ਦਿਨ ਬੁਖਾਰ ਵਿੱਚ ਭੁੱਜਦੀ ਰਹੀ ਤੇ ਮਸਾਂ ਬਚੀ।

 

                                                  ਇਹ ਕਹਾਣੀ ਸੁਣਾ ਕੇ ਉਸ ਨੇ ਸਾਨੂੰ ਹਦਾਇਤ ਕੀਤੀ ਕਿ ਤੁਹਾਡੇ ਨਾਲ ਜੇ ਕਦੇ ਏਹੋ ਜਿਹੀ ਘਟਨਾ ਵਾਪਰੇ ਤਾਂ ਪਿੱਛੇ ਭੌਂ ਕੇ ਨਹੀਂ ਵੇਖਣਾ। ਪਿੱਛੇ ਭੌਂ ਕੇ ਵੇਖਣ ਨਾਲ ਭੂਤ ਪ੍ਰੇਤ ਮਾਰ ਸੁੱਟਦੇ ਹਨ। ਕਿਸੇ ਅਨਜਾਣ ਵਿਅਕਤੀ ਨੂੰ ਆਪਣੇ ਪਿੱਛੇ ਕਦੇ ਨਾ ਬੈਠਾਇਓ। ਜੇ ਕਦੇ ਅਜਿਹਾ ਹੋਵੇ ਤਾਂ ਵਾਹਿਗੁਰੂ ਦਾ ਜਾਪ ਕਰਨ ਲੱਗ ਪੈਣਾ। ਇਸ ਤਰ੍ਹਾਂ ਕੀਤਿਆਂ ਭੂਤ ਪ੍ਰੇਤ ਭੱਜ ਜਾਂਦੇ ਹਨ।

 

ਅਸੀਂ ਪੁੱਛਿਆ, “ਭੂਤ ਪ੍ਰੇਤ ਆਉਂਦੇ ਕਿੱਥੋਂ ਹਨ?”

 

ਬੱਸ ਹਵਾ ਈ ਹੁੰਦੀ ਐ, ਹਵਾਂ 'ਚੋਂ ਹੀ ਪ੍ਰਗਟ ਹੋ ਕੇ ਕਦੇ ਵੀ ਕੋਈ ਵੀ ਰੂਪ ਧਾਰਨ ਕਰ ਸੱਕਦੇ ਹਨ।

 

                  ਹੁਣ ਅਸੀਂ ਘਰ ਨੂੰ ਪਰਤ ਰਹੇ ਸਾਂ ਤੇ ਇੱਕ ਅਣਜਾਣੇ ਭੈ ਦੇ ਕਾਰਨ ਹਨੇਰੇ ਵਿੱਚੋਂ ਚੁਫੇਰਿਓ ਸਾਨੂੰ ਭੂਤਾਂ ਦੀ ਬਿੜਕ ਪੈ ਰਹੀ ਸੀ । ਘਰ ਪਹੁੰਚੇ, ਰੋਟੀ ਖਾ ਕੇ ਮੈਂ ਮੰਜੇ 'ਤੇ ਪਿਆ ਤਾਂ ਫੇਰ ਉਹੋਂ ਲੰਬੇ ਦੰਦਾਂ ਵਾਲੀ ਡਰਾਉਣੀ ਭੂਤ ਦੀ ਤਸਵੀਰ ਅੱਖਾਂ ਅੱਗੇ ਫਿਰਨ ਲੱਗੀ। ਜਿਹੜੀ ਨੀਂਦ ਮੰਜੇ 'ਤੇ ਡਿੱਗਦਿਆਂ ਸਾਰ ਬਾਹਵਾਂ ਪਸਾਰੀ ਆਪਣੇ ਕਲਾਵੇ ਵਿੱਚ ਲੈਣ ਲਈ ਕਾਹਲੀ ਪਈ ਹੁੰਦੀ ਸੀ ਅੱਜ ਪਤਾ ਨਹੀਂ ਕਿੱਥੇ ਤੁਰ ਗਈ ਸੀ। ਫੇਰ ਮੈਨੂੰ ਬਾਬੇ ਦੀ ਗੱਲ ਯਾਦ ਆਈ ਤੇ ਮੈਂ ਵਾਹਿਗੁਰੂ ਦਾ ਜਾਪ ਕਰਨ ਲੱਗਾ। ਪਤਾ ਨਹੀਂ ਕਦੋਂ ਨੀਂਦ ਨੇ ਮੈਨੂੰ ਆਪਣੀ ਆਗੋਸ਼ ਵਿੱਚ ਲੈ ਲਿਆ।

 

ਸਵੇਰੇ ਉੱਠ ਕੇ ਸਕੂਲ ਨੂੰ ਤੁਰੇ ਤਾਂ ਰਾਹ ਵਿੱਚ ਸਾਰੇ ਫੇਰ ਉਸ ਨਵੀਂ ਕਹਾਣੀ ਦੀ ਚਰਚਾ ਛੇੜ ਬੈਠੇ। ਇਸ ਚਰਚਾ ਦੇ ਨਾਲ ਆਪਣੀਆਂ ਮਾਵਾਂ, ਦਾਦੀਆਂ ਵੱਲੋਂ ਸੁਣੇ ਭੂਤਾਂ ਪ੍ਰੇਤਾਂ ਦੇ ਕਿੱਸੇ ਵੀ ਕਈਆਂ ਨੇ ਸੁਣਾਏ। ਹੁਣ ਸਾਨੂੰ ਸਾਰੇ ਰਾਹ ਇੱਕ ਡਰ ਨੇ ਘੇਰੀ ਰੱਖਿਆ। ਵਾਪਸ ਮੁੜਦਿਆਂ ਅਸੀਂ ਇੱਕ ਮਸ਼ਵਰਾ ਕੀਤਾ ਕਿ ਕਲ ਤੋਂ ਕੈਰੀਅਰ ਹੀ ਲੁਹਾ ਦਿਆਂਗੇ । ਨਾ ਕੈਰੀਅਰ ਹੋਣਗੇ, ਨਾ ਭੂਤ ਪਿੱਛੇ ਬੈਠੇਗੀ। ਰਾਹ ਵਿੱਚ ਇੱਕ ਦੋ ਆਦਮੀਆਂ ਨੇ ਜੋ ਵਾਕਫ਼ ਵੀ ਸਨ ਨੇ ਸਾਈਕਲ ਪਿੱਛੇ ਬੈਠਣ ਲਈ ਕਿਹਾ, ਪਰ ਅਸੀਂ ਨਾਂਹ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਸਾਈਕਲ ਅਸੀਂ ਚਲਾ ਲੈਂਦੇ ਹਾਂ, ਅਸੀਂ ਤਾਂ ਵੀ ਨਾ ਮੰਨੇ। ਅਸੀਂ ਸਿਆਣੇ ਜੁ ਹੋ ਗਏ ਸਾਂ, ਖਤਰਾ ਮੁੱਲ ਕਿਉਂ ਲੈਂਦੇ। ਆਵਾਜਾਈ ਦਾ ਵੱਡਾ ਸਾਧਨ ਸਾਈਕਲ ਹੀ ਸੀ ਤੇ ਕਈਆਂ ਕੋਲ ਉਹ ਵੀ ਨਹੀਂ ਸੀ। ਇਸ ਕਰਕੇ ਕਈ ਲੋਕ ਅਕਸਰ ਰਾਹ ਵਿੱਚ ਪੈਦਲ ਜਾਂਦੇ ਟੱਕਰ ਪੈਂਦੇ ਸਨ, ਖਾਸ ਕਰਕੇ ਔਰਤਾਂ ਜੋ ਸਾਈਕਲ ਚਲਾ ਹੀ ਨਹੀਂ ਸਨ ਸੱਕਦੀਆਂ।

 

                              ਅਸੀਂ ਸਾਈਕਲਾਂ ਦੇ ਪਿੱਛੇ ਬਸਤੇ ਬੰਨ੍ਹ ਕੇ ਸਕੂਲ ਜਾਂਦੇ ਸਾਂ। ਪਰ ਹੁਣ ਇਹ ਕੈਰੀਅਰ ਵੀ ਸਾਨੂੰ ਭੂਤ ਲੱਗ ਰਹੇ ਸਨ। ਅੱਗੇ ਤਾਂ ਇੱਕਠੇ ਜਾਂਦੇ ਸਾਂ ਤੇ ਡਰ ਘੱਟ ਲੱਗਦਾ ਸੀ। ਪਰ ਅੱਜ ਇਕੱਲੇ ਨੂੰ ਡਰ ਵੀ ਜਿਆਦਾ ਲੱਗ ਰਿਹਾ ਸੀ। ਕੈਰੀਅਰ ਮੈਂ ਲੁਹਾ ਨਹੀਂ ਸਾਂ ਸੱਕਿਆ। ਜਾਂਦਿਆਂ ਹੀ ਸਭ ਕੁਝ ਭੁੱਲ ਭੁਲਾ ਕੇ ਖੇਡਣ ਭੱਜ ਗਿਆ ਸਾਂ। ਪਰ ਹੁਣ ਪਛਤਾਵਾ ਹੋ ਰਿਹਾ ਸੀ। ਕਿਉਂਕਿ ਇੱਕ ਤਾਂ ਬਾਬੇ ਨੇ ਦੱਸਿਆ ਸੀ ਕਿ ਭੂਤਾਂ ਇਕਲਿਆਂ ਨੂੰ ਵੇਖ ਕੇ ਇਹੋ ਜਿਹੇ ਕਾਰੇ ਜਿਆਦਾ ਕਰਦੀਆਂ ਨੇ। ਹੁਣ ਕੋਈ ਵੀ ਭੂਤ ਅਰਾਮ ਨਾਲ ਮੇਰੇ ਪਿੱਛੇ ਲੱਗੇ ਕੈਰੀਅਰ ਤੇ ਬੈਠ ਕੇ ਮੇਰਾ ਕੰਘਾ ਕਰ ਸਕਦੀ ਸੀ।

               ਮੈਂ ਸੜਕ ਤੇ ਜਾ ਚੜ੍ਹਿਆ । ਹੁਣ ਹਰ ਪੈਦਲ ਜਾਂਦਾ ਰਾਹਗੀਰ ਭੂਤ ਲੱਗ ਰਿਹਾ ਸੀ ਤੇ ਮੈਂ ਉਹਨਾਂ ਵੱਲ ਬਿਨਾਂ ਵੇਖੇ ਸਾਈਕਲ ਭਜਾਈ ਜਾ ਰਿਹਾ ਸਾਂ। ਪਰ ਜਲਦੀ ਹੀ ਮੇਰਾ ਸਾਇਕਲ ਵੀ ਭਾਰਾ ਹੋਣਾ ਸ਼ੁਰੂ ਹੋ ਗਿਆ। ਏਹੋ ਹੀ ਭੂਤ ਦੇ ਪਿੱਛੇ ਬੈਠੇ ਹੋਣ ਦੀ ਵੱਡੀ ਨਿਸ਼ਾਨੀ ਸੀ। ਭਾਵੇਂ ਮੈਂ ਕਿਸੇ ਨੂੰ ਪਿੱਛੇ ਨਹੀਂ ਸੀ ਬੈਠਾਇਆ ਪਰ ਪਿੱਛੇ ਪਰਤ ਕੇ ਵੇਖਣੋ ਵੀ ਬਾਬੇ ਨੇ ਮਨਾ ਕੀਤਾ ਸੀ। ਕੀ ਪਤਾ ਭੂਤ ਚੱਲਦੇ ਸਾਈਕਲ ਤੇ ਹੀ ਬੈਠ ਗਈ ਹੋਵੇ। ਅਸੀਂ ਵੀ ਤਾਂ ਕਈ ਵਾਰ ਦੂਜੇ ਸਾਥੀਆਂ ਦੇ ਮਗਰ ਚੱਲਦੇ ਸਾਈਕਲ ਤੇ ਹੀ ਬੈਠ ਜਾਂਦੇ ਸਾਂ। ਪਿੱਛੇ ਪਰਤ ਕੇ ਵੇਖਣ ਦੀ ਹਿੰਮਤ ਹੀ ਨਹੀਂ ਸੀ ਹੋ ਰਹੀ।

               ਜਿਓਂ ਜਿਓਂ ਮੈਂ ਪੈਡਲਾਂ 'ਤੇ ਜ਼ੋਰ ਦਿੰਦਾ ਸਾਈਕਲ ਹੋਰ ਭਾਰਾ ਹੋਈ ਜਾ ਰਿਹਾ ਸੀ। ਮੇਰੇ ਜਿਹਨ ਵਿੱਚ ਬਾਬੇ ਦੀ ਦੱਸੀ ਸ਼ਕਲ ਵਾਲੀ ਭੂਤ ਵੜੀ ਬੈਠੀ ਸੀ । ਜੋ ਪਿੱਛੇ ਪਰਤ ਕੇ ਵੇਖਣ ਤੋਂ ਬਿਨਾਂ ਹੀ ਸਾਫ਼ ਦਿਸ ਰਹੀ ਸੀ। ਦਿਲ ਧੜਕ ਰਿਹਾ ਸੀ। ਤਰੇਲੀਆਂ ਛੁੱਟ ਰਹੀਆਂ ਸਨ । ਮੂੰਹ 'ਤੇ ਹਵਾਈਆਂ ਉੱਡੀਆਂ ਹੋਈਆਂ ਸਨ । ਮੈਂ ਸਾਈਕਲ ਦੇ ਪੈਡਲਾਂ 'ਤੇ ਹੋਰ ਜ਼ੋਰ ਲਾਈ ਜਾ ਰਿਹਾ ਸਾਂ। ਸਾਈਕਲ ਹੋਰ ਭਾਰਾ ਹੁੰਦਾ ਜਾ ਰਿਹਾ ਸੀ। ਮੈਂ ਵਾਹਿਗੁਰੂ ਦਾ ਜਾਪ ਉੱਚੀ ਉੱਚੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ ਪਰ ਮੂੰਹ ਵਿੱਚੋਂ ਅਵਾਜ਼ ਹੀ ਨਹੀਂ ਸੀ ਨਿਕਲ ਰਹੀ। ਤੇ ਫੇਰ ਅਚਾਨਕ ਸਾਈਕਲ ਏਨਾ ਭਾਰਾ ਹੋ ਗਿਆ ਕਿ ਮੇਰੀਆਂ ਲੱਤਾਂ ਸਾਹ ਸਤ ਹਾਰ ਗਈਆਂ। ਸਾਈਕਲ ਰੁਕ ਗਿਆ ਤੇ ਮੈਂ ਸੜਕ 'ਤੇ ਇੱਕ ਤਰਫ਼ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਜਾ ਡਿੱਗਾ।

 

ਅਜੇ ਤਾਂ ਉੱਠਣ ਦਾ ਹੀਆ ਹੀ ਨਹੀਂ ਪੈ ਰਿਹਾ ਕਿ ਅਚਾਨਕ ਪਿੱਛੋਂ ਆਈ ਇੱਕ ਅਵਾਜ਼ ਨੇ ਮੇਰੇ ਸਰੀਰ ਦੀ ਜਿਵੇਂ ਰਹਿੰਦੀ ਰੱਤ ਵੀ ਨਚੋੜ ਲਈ ਹੋਵੇ।

 

ਓਏ ਤੂੰ ਕਿਵੈਂ ਪਿਐਂ ਸੜਕ 'ਤੇ?"

 

ਤੇ ਮੈਂ ਇੱਕ ਦਮ ਪਿੱਛੇ ਹੋ ਕੇ ਅਣਜਾਣੇ ਵਿੱਚ ਹੀ ਵੇਖ ਲਿਆ। ਓਹ! ਇਹ ਤਾਂ ਮੇਰਾ ਸਾਥੀ ਮਹਿੰਦਰ ਸੀ । ਜੋ ਸ਼ਾਇਦ ਮੇਰੇ ਤੋਂ ਵੀ ਪਛੜ ਗਿਆ ਸੀ। ਮੈਨੂੰ ਹੌਸਲਾ ਹੋਇਆ, ਨਾਲੇ ਮੈਂ ਵੇਖਿਆ ਸਾਈਕਲ ਦੇ ਕੋਲ ਹੋਰ ਕੋਈ ਨਹੀਂ ਸੀ। ਸ਼ਾਇਦ ਭੂਤ ਵਾਹਿਗੁਰੂ ਦਾ ਜਾਪ ਸੁਣਕੇ ਚਲੀ ਗਈ ਹੋਵੇਗੀ।

 

                                 ਮੈਂ ਉੱਠ ਕੇ ਸਾਈਕਲ ਚੁੱਕਿਆ ਤੇ ਸਟੈਂਡ ਲਾਕੇ ਖੜਾ ਕਰ ਦਿੱਤਾ। ਤਾਂ ਮਹਿੰਦਰ ਨੇ ਪੁੱਛਿਆ, “ਉਏ ਤੂੰ ਕਿਵੇਂ ਪਸੀਨੇ ਨਾਲ ਭਿੱਜਾ ਪਿਐਂ?"

 

"ਕੀ ਹੋਇਆ ਤੈਨੂੰ?"

 

ਉਹ ਕਈ ਸਵਾਲ ਇੱਕੋ ਸਾਹੇ ਕਰ ਗਿਆ । ਹੁਣ ਮੇਰੇ ਹੋਸ਼ ਕੁਝ ਕੁਝ ਟਿਕਾਣੇ ਆ ਚੁੱਕੇ ਸਨ। ਮੈਂ ਉਸਨੂੰ ਆਪਣੀ ਸਾਰੀ ਆਪ ਬੀਤੀ ਸੁਣਾਈ। ਇੱਕ ਵਾਰ ਤਾਂ ਸੁਣ ਕੇ ਉਹ ਵੀ ਠਠੰਬਰ ਗਿਆ, ਪਰ ਫੇਰ ਮੇਰਾ ਸਾਈਕਲ ਫੜ ਕੇ ਤੋਰ ਕੇ ਵੇਖਿਆ।

 

"ਉਏ ਏਹਦਾ ਤਾਂ ਚੱਕਾ ਹੀ ਜਾਮ ਹੋਇਆ ਪਿਐ।"

 

ਪਿਛਲਾ ਚੱਕਾ ਲੱਗਭਗ ਘਸੀਟਦਾ ਹੋਇਆ ਨਜ਼ਰੀਂ ਆਇਆ।

 

ਮੈਂ ਵੇਖਿਆ ਪਿੱਛਲਾ ਚੱਕਾ ਸੱਚੀ ਮੁੱਚੀ ਜਾਮ ਹੋਇਆ ਪਿਆ ਸੀ ਤੇ ਇੱਕ ਪਾਸੇ ਚਿਮਟੇ ਨਾਲ ਲੱਗਾ ਹੋਇਆ ਸੀ। ਟਾਇਰ ਤੇ ਚਿਮਟੇ ਨਾਲ ਘਸਰਕੇ ਚੱਲਣ ਦੇ ਦਾਗ ਪਏ ਹੋਏ ਸਨ।

 

ਅਸੀਂ ਸਾਈਕਲ ਲੰਮਾ ਪਾ ਲਿਆ। ਆਪਣੇ ਪੁਰਾਣੇ ਤਜ਼ਰਬੇ ਅਨੁਸਾਰ ਉਪਰ ਚੜ੍ਹ ਕੇ ਝਟਕਾ ਮਾਰਿਆ ਤਾਂ ਚੱਕਾ ਕੁਝ ਸਿੱਧਾ ਹੋ ਗਿਆ।

 

ਦਰਅਸਲ ਡਰ ਦੀ ਵਜਹ ਨਾਲ ਮੈਂ ਪੈਡਲਾਂ 'ਤੇ ਜਿਆਦਾ ਜ਼ੋਰ ਦੇਂਦਾ ਆ ਰਿਹਾ ਸੀ। ਪਿਛਲੇ ਚੱਕੇ ਦੇ ਨਟ ਕੁੱਛ ਢਿੱਲੇ ਹੋਣ ਕਰਕੇ ਚੱਕਾ ਇੱਕ ਪਾਸੇ ਨੂੰ ਹੁੰਦਾ ਗਿਆ ਸੀ ਤੇ ਹੌਲੀ ਹੌਲੀ ਜਾਮ ਹੋ ਗਿਆ ਸੀ।

 

ਅਸੀਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਉਣ ਦਾ ਯਤਨ ਕੀਤਾ ਅਤੇ ਸਕੂਲ ਵੱਲ ਤੁਰ ਪਏ।

 

ਸਾਡੀ ਇੰਚਾਰਜ ਮੈਡਮ ਨੇ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਮਹਿੰਦਰ ਨੇ ਮੇਰੀ ਕਹਾਣੀ ਸੁਣਾ ਦਿੱਤੀ। ਸ਼ਾਇਦ ਏਸ ਬਹਾਨੇ ਉਹ ਆਪਣਾ ਬਚਾ ਵੀ ਕਰਨਾ ਚਾਹੁੰਦਾ ਸੀ।

 

ਇਹ ਸੁਣ ਕੇ ਸਾਰੇ ਵਿਦਿਆਰਥੀ ਹੱਸ ਪਏ। ਮੈਡਮ ਨੇ ਕਿਹਾ, “ਐਵੇਂ ਏਹੋ ਜਿਹੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਤੇ ਵਿਸ਼ਵਾਸ਼ ਨਾ ਕਰਿਆ ਕਰੋ । ਭੂਤ ਕੋਈ ਨਹੀਂ ਹੁੰਦੇ।" ਮੈਡਮ ਨੇ ਲੰਮਾ ਲੈਕਚਰ ਦੇ ਕੇ ਸਮਝਾਇਆ ਤੇ ਪਿੱਛੋਂ ਹੱਸ ਕੇ ਕਿਹਾ,

 

"ਹੁਣ ਤਾਂ ਚੰਨੇ ਵਾਂਗੂ ਨਹੀਂ ਡਰੋਗੇ ਨਾ? ਬੋਲੋ।

 

ਤਾਂ ਬਾਕੀ ਮੁੰਡਿਆਂ ਦੇ ਨਾਲ ਨਾਲ ਮੇਰਾ ਵੀ ਹਾਸਾ ਨਿਕਲ ਗਿਆ ਤੇ ਨਾਲ ਡਰ ਵੀ। ਜੋ ਫੇਰ ਕਦੇ ਨਹੀਂ ਆਇਆ।

9416734506

Post a Comment

0 Comments