ਰੁਬਾਈਆਂ,ਨਜ਼ਮਾਂ ਅਤੇ ਗ਼ਜ਼ਲ

ਸ਼ਬਦ ਚਾਨਣੀ---ਨਿਰਮਲ ਦੱਤ


ਰੁਬਾਈਆਂ

 

ਰਾਤ ਵਿੱਚ ਕਿੰਨੇ ਸਾਰੇ ਤਾਰੇ ਨੇ,

ਦੁੱਖ ਹੈ ਜੇ, ਸੁੱਖ ਵੀ ਐਨੇ ਸਾਰੇ ਨੇ,

ਬੇਈਮਾਨੀ ਨਜ਼ਰ ਦੀ ਦੂਰ ਤਾਂ ਕਰ,

ਜਿਸ ਤਰ੍ਹਾਂ ਨਜ਼ਰ ਹੈ, ਨਜ਼ਾਰੇ ਨੇ.

 

ਰੱਬ ਦੀ ਗੱਲ ਹੀ ਬੜੀ ਨਿਆਰੀ ਹੈ,

ਤੂੰ ਹੀ ਇਹ ਗੱਲ ਨਹੀਂ ਵਿਚਾਰੀ ਹੈ,

ਰੱਬ ਦੀ ਸੱਤਾ ਦਾ ਕੋਈ ਦਲਾਲ ਨਹੀਂ,

ਉਸਦੀ ਤੇ ਤੇਰੀ ਸਿੱਧੀ ਯਾਰੀ ਹੈ.

 

‍ਲੋਕ ਜਾਂਦੇ ਹੀ ਗ਼ਲਤ ਪਾਸੇ ਨੇ,

ਬੁੱਲ੍ਹ ਹੀ ਹੱਸਦੇ ਨੇ, ਦਿਲ ਉਦਾਸੇ ਨੇ,

ਖ਼ੁਦ ਹੀ ਸਾਕੀ ਤੇ ਜਾਮ ਵੀ ਖ਼ੁਦ ਹੀ,

ਫ਼ਿਰ ਵੀ ਸਭ ਰੂਹ ਤੱਕ ਪਿਆਸੇ ਨੇ.

 

ਬੁੱਤ ਐਵੇਂ, ਕਿਤਾਬ ਐਵੇਂ ਹੈ,

ਆਕਲਾਂ ਦਾ ਜਵਾਬ ਐਵੇਂ ਹੈ,

ਸੱਚ ਬੱਸ ਏਸ ਪਲ ਦਾ ਹਾਸਿਲ ਹੈ,

ਯਾਦ ਐਵੇਂ ਹੈ, ਖ਼ਾਬ ਐਵੇਂ ਹੈ.

 

ਨਾ ਉਦੈਅ ਹੋਵਾਂ, ਨਾ ਮੈਂ ਲਹਿੰਦਾ ਹਾਂ,

ਸਾਰਿਆਂ ਮੌਸਮਾਂ 'ਚ ਵਹਿੰਦਾ ਹਾਂ,

ਸਾਂਵਲੀ ਰਾਤ ਦੇ ਬਿਸਤਰ 'ਚ ਸੌਂ ਲਵਾਂ ਥੋੜ੍ਹਾ,

ਦਿਨ ਨੂੰ ਸੂਰਜ ਦੇ ਘਰ 'ਚ ਰਹਿੰਦਾ ਹਾਂ.

 

 ਗ਼ਜ਼ਲ

 

ਰੱਬ ਜੀ ਗਏ ਜੇ ਖੋ ਸਾਈਂ,

ਨਾਂਹ, ਐਨਾਂ ਨਾ ਰੋ ਸਾਈਂ।

 

ਨਹੀਂ ਕੋਈ ਲੋੜ ਬਹਿਸ਼ਤਾਂ ਦੀ,

ਇਸ ਧਰਤੀ ਦਾ ਹੋ ਸਾਈਂ।

 

ਇਹ ਹੀ ਹੈ ਬੱਸ ਇਹ ਹੀ ਹੈ,

ਹੋਰ ਨਹੀਂ ਕੁਝ 'ਉਹ' ਸਾਈਂ।

 

ਸਭ ਜ਼ਰਬਾਂ-ਤਕਸੀਮਾਂ 'ਚੋਂ,

ਬਚਦੀ ਹੈ ਇੱਕ ਲੋਅ ਸਾਈਂ।

 

ਮੁਸਕਾਨਾਂ ਵਿੱਚ ਮਹਿਕ ਰਹੀ,

ਪੀੜਾਂ ਦੀ ਖ਼ੁਸ਼ਬੋ ਸਾਈਂ।

 

ਕਹਿ ਇਸਨੂੰ ਕਿ ਤੁਰਦਾ ਰੵਏ,

ਸੂਰਜ ਗਿਆ ਖਲੋਅ ਸਾਈਂ।

 

ਨਜ਼ਮਾਂ

 

ਅਪਣੇ ਹੀ ਰੰਗ ਵਿੱਚ ਰਾਜ਼ੀ

 

ਆਓਣ ਦੇ

ਆਓਂਦੇ ਨੇ ਜੇ

ਨੰਗੀਆਂ ਹਵਾਵਾਂ ਦੇ ਖ਼ਿਆਲ,

ਜਾਣ ਦੇ

ਜਾਂਦੇ ਨੇ ਜੇ

ਉਸ ਨਿਰਾਕਾਰ ਦੇ ਸਾਰੇ ਸੰਕਲਪ.

ਤੂੰ ਤਾਂ ਬੱਸ ਟਿਕਿਆ ਰਹੀਂ

ਅਪਣੇ ਹੀ ਰੰਗ ਵਿੱਚ ਰਾਜ਼ੀ.

ਜੇ ਤੂੰ ਟਿਕਿਆ ਰਿਹਾ

ਬੱਸ ਅਪਣੇ ਹੀ ਰੰਗ ਵਿੱਚ ਰਾਜ਼ੀ

ਆਪੇ ਲੰਘ ਜਾਣਗੇ

ਸਭ ਨੰਗੀਆਂ ਹਵਾਵਾਂ ਦੇ ਖ਼ਿਆਲ,

ਆਪੇ ਮਿਟ ਜਾਣਗੇ

ਉਸ ਨਿਰਾਕਰ ਦੇ ਸਾਰੇ ਸੰਕਲਪ,

ਤੇ ਤੇਰੇ ਰੰਗ ਦਿਆਂ ਨਕਸ਼ਾਂ 'ਚੋਂ

ਆਪੇ ਦਿਸ ਪਏਗਾ

ਛੁਪ ਰਹੇ ਸੱਚ ਦਾ ਅਸਲੀ ਚਿਹਰਾ.

 

ਦ੍ਰਸ਼ਟਾ

 

ਇੱਕ ਪਾਸੇ

ਬਾਰਾਕ ਓਬਾਮਾ,

ਦੂਜੇ ਪਾਸੇ

ਰੇਲ ਦੀਆਂ ਲੀਹਾਂ ਵਿੱਚ ਬੈਠਾ

ਪਾਗ਼ਲ ਬੰਦਾ,

ਤੀਜਾ ਮੈਂ ਹਾਂ;

ਇੱਕ ਪਾਸੇ

ਤਾਕਤ ਦਾ ਮੁਜਰਾ,

ਦੂਜੇ ਪਾਸੇ

ਡਰ ਦਾ ਤਾਂਡਵ,

ਵਿੱਚ-ਵਿਚਾਲ਼ੇ

ਅਪਣੀ ਮੌਜ 'ਚ ਚੱਲਦਾ-ਚੱਲਦਾ

ਦੋਵੇਂ ਮੰਜ਼ਰ

ਵੇਖ ਰਿਹਾ ਹਾਂ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

Post a Comment

0 Comments