ਇੱਕ ਗ਼ਜ਼ਲ ਦੋ ਨਜ਼ਮਾਂ -ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ




ਗ਼ਜ਼ਲ


ਕਦੇ ਖਿੜਿਆ ਵੀ ਕਰ, ਚੰਨਾਂ, ਚੇਤ ਦੀ ਤਰ੍ਹਾਂ,

ਐਵੇਂ ਲੱਗ ਨਾ ਉਜਾੜੇ ਗਏ ਖੇਤ ਦੀ ਤਰ੍ਹਾਂ.

 

ਸਾਰੇ ਜਾਣਦੇ ਨੇਂ ਤੇਰੇ-ਮੇਰੇ ਪਿਆਰ ਦੀ ਕਹਾਣੀ,

ਸਾਰੇ ਪਿੰਡ ਤੋਂ ਛੁਪਾਏ ਹੋਏ ਭੇਤ ਦੀ ਤਰ੍ਹਾਂ.

 

ਤੇਰੇ ਸੱਖਣੇ ਘੜੇ 'ਚ ਪਾਕੇ ਪਿਆਸ ਦੀ ਦੁਹਾਈ,

ਅਸੀਂ ਉੱਡ ਜਾਣਾ ਟਿੱਬਿਆਂ ਦੀ ਰੇਤ ਦੀ ਤਰ੍ਹਾਂ.

 

ਭੁੱਖ ਉਮਰਾਂ ਤੋਂ ਲੰਮੀਂ ਤਾਹੀਂਓਂ ਹੁੰਦੇ ਹਾਂ ਖੁਆਰ,

ਕਿਸੇ ਪਿੱਪਲੀ 'ਚ ਲਟਕੇ ਪ੍ਰੇਤ ਦੀ ਤਰ੍ਹਾਂ.

 

ਸੱਚ ਹਾਸੇ ਨੇ ਕਿ ਹੰਝੂ, ਖੜ੍ਹੇ ਲਾਉਂਦੇ ਹਾਂ ਹਿਸਾਬ,

ਐਨ੍ਹ ਬੰਨੇਂ ਉੱਤੇ ਲੁੱਟੀ ਗਈ ਜਨੇਤ ਦੀ ਤਰ੍ਹਾਂ.

 

ਕਈ ਘੋਲ਼ਦੇ ਕੰਨਾਂ ਦੇ ਵਿੱਚ ਲੱਪ-ਲੱਪ ਸ਼ਹਿਦ,

ਕਈ ਲੜਦੇ ਅੱਖਾਂ ਦੇ ਵਿੱਚ ਰੇਤ ਦੀ ਤਰ੍ਹਾਂ.

 

ਨਜ਼ਮਾਂ

 

ਬੱਸ ਹੁਣ

 

ਬੱਸ ਹੁਣ ਹੋਰ ਨਾ ਕਰ

ਥੱਕੀਆਂ ਹਵਾਵਾਂ ਨੂੰ ਖ਼ੁਆਰ,

ਬੱਸ ਹੁਣ ਮਿਹਰ ਹੀ ਕਰ

ਊਂਘਦਿਆਂ ਫੁੱਲਾਂ 'ਤੇ,

ਬੱਸ ਹੁਣ ਰਹਿਣ ਵੀ ਦੇ

ਦਰਦ ਕਹਾਣੀ ਅਪਣੀ;

 

ਤੈਨੂੰ ਇਹ ਭਰਮ ਸੀ

ਕਿ ਭੋਗ ਹੀ ਹੈ ਭੁੱਖ ਦਾ ਇਲਾਜ,

ਤੈਨੂੰ ਇਹ ਵਹਿਮ ਸੀ

ਕਿ ਵਰਜੇ ਹੋਏ ਫਲ਼ ਖਾ ਕੇ

ਸ਼ਾਇਦ ਲੱਭ ਜਾਵੇ ਕਿਸੇ ਸਵਰਗ ਦਾ ਭੇਤ;

 

ਬੱਸ ਹੁਣ ਹੋਰ ਨਾ ਰੋ,

ਬੱਸ ਇਨ੍ਹਾਂ ਸਿਸਕੀਆਂ ਨੂੰ

ਰੋਕ ਲੈ ਹੌਲ਼ੀ-ਹੌਲ਼ੀ,

ਬੱਸ ਹੁਣ ਹੋਰ ਨਾ ਕਹਿ

ਦੁੱਖ ਦੀ ਕਹਾਣੀ ਅਪਣੀ;

 

ਚੰਨ ਨੇ ਸੌਣਾ ਹੈ ਅਜੇ

ਤਾਰਿਆਂ ਕਰਨਾ ਹੈ ਆਰਾਮ,

ਬੱਸ ਹੁਣ ਬੱਸ ਵੀ ਕਰ!

 

ਦੂਰੀ

 

ਕੌਣ ਦੱਸ ਅਪਣਿਆਂ ਤੋਂ ਦੂਰ ਨਹੀਂ?

     

ਚੰਨ ਅੰਬਰ '

ਰਿਸ਼ਮ ਧਰਤੀ 'ਤੇ,

 

ਬਰਫ਼ ਚੋਟੀ 'ਤੇ

ਪਾਣੀ ਵਾਦੀ ਵਿੱਚ,

 

ਬੰਸਰੀ ਬੁੱਲ੍ਹਾਂ 'ਤੇ ਹੈ

ਸੁਰਾਂ ਦੇ ਲਹਿਰੀਏ ਪਹਾੜਾਂ ਵਿੱਚ,

 

ਮਹਿਕ ਜੋ ਬਾਗ਼ ਚ ਜੰਮੀਂ ਸੀ ਸੁਬ੍ਹਾ

ਜਾ ਕੇ ਹੁਣ ਵਸ ਗਈ ਉਜਾੜਾਂ ਵਿੱਚ;

 

ਕੌਣ ਦੱਸ ਅਪਣਿਆਂ ਤੋਂ ਦੂਰ ਨਹੀਂ?

ਕੌਣ ਦੱਸ ਅਪਣਿਆਂ ਤੋਂ ਦੂਰ ਨਹੀਂ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

Post a Comment

0 Comments