ਗ਼ਜ਼ਲ ਅਤੇ ਨਜ਼ਮ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ

 

ਕਾਹਤੋਂ ਫੁੱਲ ਨੇ ਉਦਾਸ, ਕਾਹਦਾ ਕੰਡਿਆਂ ਨੂੰ ਚਾਅ,

ਮੈਨੂੰ ਕੁਝ ਨਹੀਂ ਪਤਾ, ਮੈਨੂੰ ਕੁਝ ਨਹੀਂ ਪਤਾ.

 

ਮੇਰੀ ਦੀਦ ਲਈ ਬਨੇਰੇ ਉੱਤੇ ਬੈਠੀਆਂ ਬਹਾਰਾਂ,

ਬੈਠੀ ਸੱਤ-ਰੰਗੀ ਪੀਂਘ ਮਹਿੰਦੀ ਸ਼ਗਨਾਂ ਦੀ ਲਾ.

 

ਮੈਂ ਬੁਲੰਦੀਆਂ ਦਾ ਕੈਦੀ, ਮੈਂ ਗੁਫ਼ਾਵਾਂ ਦਾ ਗ਼ੁਲਾਮ,

ਤੂੰ ਇਹ ਸੱਪ-ਰੰਗੀ ਸੂਫ਼ ਕਿਸੇ ਹੋਰ ਨੂੰ ਵਿਖਾ.

 

ਮੇਰੇ ਕੰਨਾਂ ਵਿੱਚ ਕੂਕਦੀ ਹੈ ਚੁੱਪ ਦੀ ਅਵਾਜ਼,

ਤੂੰ ਇਹ ਚਰਖ਼ੇ ਦੀ ਘੂਕ ਕਿਸੇ ਹੋਰ ਨੂੰ ਸੁਣਾ.

 

ਫੇਰ ਮੁੰਦੀਆਂ ਤੇ ਮੱਛੀਆਂ ਦੇ ਪੈਣਗੇ ਬਖੇੜੇ,

ਕਿਸੇ ਰਾਹ-ਭੁੱਲੇ ਰਾਹੀ ਨੂੰ ਨਾ ਨੈਣਾਂ 'ਚ ਵਸਾ.

 

ਐਵੇਂ ਤਪਦਿਆਂ ਥਲਾਂ 'ਚ ਪਿੱਛੋਂ ਹੋਵੇਂਗੀ ਖੁਆਰ,

ਇਹਨਾਂ ਰੂਪ ਦੇ ਸੌਦਾਗਰਾਂ ਨੂੰ ਮੀਤ ਨਾ ਬਣਾ.

 

ਤੇਰਾ ਫੁੱਲਾਂ ਉੱਤੇ ਹੱਥ, ਤੇਰੀ ਤਾਰਿਆਂ 'ਤੇ ਅੱਖ,

ਐਦਾਂ ਮਿਟਣੀ ਨਹੀਂ ਭੁੱਖ, ਜ਼ਰਾ ਦਿਲ ਨੂੰ ਟਿਕਾਅ.

 

ਵੇਖੀਂ ਮਸਾਂ-ਮਸਾਂ ਰੋਕੇ ਕਿਤੇ ਡੁੱਲ੍ਹ ਹੀ ਨਾ ਪੈਣ,

ਮੈਨੂੰ ਹੋਰ ਨਾ ਬੁਲਾ, ਮੈਨੂੰ ਹੋਰ ਨਾ ਬੁਲਾ.

 

ਨਜ਼ਮ


ਮੈਂ ਇੱਕ ਗੀਤ ਲਿਖਣਾ ਹੈ

 

ਮੈਂ ਇੱਕ ਗੀਤ ਲਿਖਣਾ ਹੈ

ਉਨ੍ਹਾਂ ਲਈ

ਜਿਨ੍ਹਾਂ ਕੋਲ ਭੁੱਖ ਹੈ, ਰੋਟੀ ਨਹੀਂ ਹੈ;

 

ਮੈਂ ਇੱਕ ਗੀਤ ਲਿਖਣਾ ਹੈ

ਉਨ੍ਹਾਂ ਲਈ

ਜਿਨ੍ਹਾਂ ਕੋਲ ਰੋਟੀਆਂ ਨੇ, ਭੁੱਖ ਨਹੀਂ ਹੈ;

 

ਮੈਂ ਇੱਕ ਗੀਤ ਲਿਖਣਾ ਹੈ

ਸਾਰੇ  ਪਾਗ਼ਲਾਂ ਲਈ

ਦੁਨੀਆਂ ਦੀ ਜਿਨ੍ਹਾਂ ਨੂੰ ਸਮਝ ਨਹੀਂ ਆਈ;

 

ਮੈਂ ਇੱਕ ਗੀਤ ਲਿਖਣਾ ਹੈ

ਸਭ ਪੈਗ਼ੰਬਰਾਂ ਲਈ

ਦੁਨੀਆਂ ਨੂੰ ਜਿਨ੍ਹਾਂ ਦੀ ਸਮਝ ਨਹੀਂ ਆਈ;

 

ਮੈਂ ਉਸ ਯੋਧੇ ਲਈ ਇੱਕ ਗੀਤ ਲਿਖਣਾ ਹੈ

ਜੋ ਅਦਭੁਤ ਸਾਰਥੀ ਦੇ ਸੰਗ ਰਹਿ ਕੇ

ਤੇ ਪੂਰਨ ਗਿਆਨ ਪਾ ਕੇ ਵੀ

ਭਿਅੰਕਰ ਯੁੱਧ ਦੇ ਚੱਕਰਵਿਊ ਵਿੱਚ ਕਤਲ ਹੋਏ ਪੁੱਤ ਦੇ ਮੋਹ ਵਿੱਚ

ਬੜਾ ਵਿਰਲਾਪ ਕਰਦਾ ਹੈ;

 

ਮੈਂ ਉਸ ਜੋਗੀ ਲਈ ਇੱਕ ਗੀਤ ਲਿਖਣਾ ਹੈ

ਜਿਸ ਨੂੰ ਹਰ ਪੰਘੂੜੇ ਵਿੱਚ

ਤੇ ਹਰ ਇੱਕ ਸੇਜ 'ਤੇ

ਕੇਵਲ ਮੌਤ ਦਿਸਦੀ ਹੈ,

ਜਿਸ ਦੇ ਸੁਪਨਿਆਂ ਵਿੱਚ ਉਮਰ ਸਾਰੀ

ਚੁੰਮਣਾਂ, ਆਲਿੰਗਣਾਂ ਦਾ ਸ਼ੋਰ ਰਹਿੰਦਾ ਹੈ

ਤੇ ਜਿਹੜਾ

ਜਿਸਮ ਦਾ ਸੰਤਾਪ ਜਰਦਾ

ਤੇ ਰੂਹ ਦੀ ਸ਼ਾਂਤੀ ਦਾ ਦੰਭ ਕਰਦਾ

ਹੌਲ਼ੀ-ਹੌਲ਼ੀ ਮੁੱਕ ਜਾਂਦਾ ਹੈ;

 

ਮਨੁੱਖ ਦੇ ਦੁੱਖ ਦੇ

ਹਰ ਇੱਕ ਪਹਿਲੂ ਲਈ

ਮੈਂ  ਇੱਕ ਗੀਤ ਲਿਖਣਾ ਹੈ:

 

ਇੱਕ ਐਸਾ ਗੀਤ

ਜੋ ਮਾਂ ਵਾਂਗੂੰ,

ਕਦੇ ਮਹਿਬੂਬ ਵਾਂਗੂੰ,

ਤੇ ਕਦੇ ਮੁਰਸ਼ਦ ਦੇ ਵਾਂਗੂੰ

ਪੀੜ ਤੋਂ ਮੁਕਤੀ ਦੁਆਵੇਗਾ

ਹਾਂ, ਸਾਰੀ ਪੀੜ ਤੋਂ ਮੁਕਤੀ ਦੁਆਵੇਗਾ ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

             

 

 

 

Post a Comment

0 Comments