ਸਾਫ਼ ਸੁਥਰੀ ਗਾਇਕੀ ਦੀ ਧਾਂਕ ਜਮਾਉਣ ਵਾਲੀ ਗਾਇਕਾ ਨਰਿੰਦਰ ਬੀਬਾ

 ਜਨਮ ਦਿਨ ਤੇ ਵਿਸ਼ੇਸ਼                                                                            

ਸਾਫ਼ ਸੁਥਰੀ ਗਾਇਕੀ ਦੀ ਧਾਂਕ ਜਮਾਉਣ ਵਾਲੀ ਗਾਇਕਾ ਨਰਿੰਦਰ ਬੀਬਾ

ਬਲਵਿੰਦਰ ਸਿੰਘ ਭੁੱਲਰ

‘‘ਦੋ ਬੜੀਆਂ ਕੀਮਤੀ ਜਿੰਦਾਂ, ਕੰਧਾਂ ਵਿੱਚ ਆਣ ਖਲੋ ਗਈਆਂ’’ ਪੇਸ਼ ਕਰਕੇ ਸਾਕਾ ਸਰਹਿੰਦ ਦਾ ਦ੍ਰਿਸ਼ ਪੇਸ਼ ਕਰਨ ਅਤੇ ਲੰਬੀ ਹੇਕ ਨਾਲ ‘‘ਰਣ ਗਗਨ ਦਮਾਮਾ ਵੱਜਿਆ, ਸਿੰਘੋ ਸਰਦਾਰੋ’’ ਗਾ ਕੇ ਦਿਲਾਂ ਨੂੰ ਹਲੂਣਾ ਦੇਣ ਵਾਲੀ, ਨਰਿੰਦਰ ਬੀਬਾ ਪੰਜਾਬੀ ਦੀ ਇੱਕ ਅਜਿਹੀ ਗਾਇਕਾ ਹੈ, ਜਿਸ ਨੇ ਲੱਚਰਤਾ ਤੋਂ ਦੂਰ ਰਹਿੰਦਿਆਂ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬੀ ਸਰੋਤਿਆਂ ਦੇ ਮਨਾਂ ਉੱਤੇ ਛਾਪ ਛੱਡੀ ਹੈਉਸਦਾ ਨਾਂ ਲੈਂਦਿਆਂ ਹੀ ਹਰ ਪੰਜਾਬ ਵਾਸੀ ਦਾ ਮਨ ਅਸ਼ ਅਸ਼ ਕਰਨ ਲਗਦਾ ਹੈ ਅਤੇ ਉਸਦੇ ਸਤਿਕਾਰ ਵਿੱਚ ਸਿਰ ਝੁਕਦਾ ਹੈ। ਉਸਦੇ ਗਾਏ ਗੀਤਾਂ ਵਿੱਚ ਮੋਹ ਪਿਆਰ ਹੈ, ਗੁੱਸਾ ਹੈ, ਦੇਸ਼ ਪਿਆਰ ਹੈ, ਸਿੱਖੀ ਦਾ ਜ਼ਜਬਾ ਹੈ, ਹਾਸਾ ਠੱਠਾ ਹੈ, ਵਿਛੋੜਾ ਹੈ ਅਤੇ ਦਰਦ ਦੀ ਹੂਕ ਹੈ। ਸਾਂਝੇ ਪੰਜਾਬ ਦੇ ਪਿੰਡ ਚੱਕ ਨੰਬਰ 120 ਜਿਲ੍ਹਾ ਸਰਗੋਧਾ ਅੱਜ ਦੇ ਪਾਕਿਸਤਾਨ ਵਿੱਚ ਪਿਤਾ ਫਤਹਿ ਸਿੰਘ ਤੇ ਮਾਤਾ ਮਹਿੰਦਰ ਕੌਰ ਦੇ ਘਰ 13 ਅਪਰੈਲ 1941 ਨੂੰ ਜਨਮੀ ਨਰਿੰਦਰ ਅਜੇ ਛੇ ਕੁ ਸਾਲ ਦੀ ਬਾਲੜੀ ਹੀ ਸੀ, ਜਦੋਂ ਭਾਰਤ ਦੀ ਹੋਈ ਵੰਡ ਸਦਕਾ ਉਹਨਾਂ ਦੇ ਪਰਿਵਾਰ ਨੂੰ, ਆਪਣੀ ਜਨਮ ਭੂਮੀ ਛੱਡ ਕੇ ਚੜ੍ਹਦੇ ਪੰਜਾਬ ਚ ਆਉਣਾ ਪਿਆ। ਉਹ ਜਿਲ੍ਹਾ ਪਟਿਆਲਾ ਦੇ ਪਿੰਡ ਖੁੰਮਣਾ ਵਿਖੇ ਆ ਕੇ ਰਹਿਣ ਲੱਗ ਪਏ।

        ਨਰਿੰਦਰ ਬੀਬਾ ਦੇ ਪਿਤਾ ਸ਼ਬਦ ਗਾਇਨ ਕਰਦੇ ਸਨ, ਜਿੱਥੋਂ ਉਸਨੂੰ ਵੀ ਛੋਟੀ ਉਮਰ ਵਿੱਚ ਹੀ ਗਾਉਣ ਦਾ ਸ਼ੌਕ ਪੈਦਾ ਹੋ ਗਿਆ। ਉਹ ਪਿਤਾ ਨਾਲ ਸ਼ਬਦ ਗਾਇਨ ਕਰਦੀ ਤੇ ਵਾਹ ਵਾਹ ਖੱਟਦੀ, ਜਿਸ ਤੋਂ ਉਸਨੂੰ ਹੌਂਸਲਾ ਮਿਲਿਆ। ਪਿਤਾ ਵੱਲੋਂ ਮਿਲੇ ਸਹਿਯੋਗ ਸਦਕਾ ਉਸਨੇ ਮਾਸਟਰ ਹਰੀਦੇਵ ਤੋਂ ਸੰਗੀਤ ਸਿੱਖਿਆ ਹਾਸਲ ਕਰਨੀ ਸ਼ੁਰੂ ਕੀਤੀ ਅਤੇ ਫੇਰ ਲਾਲ ਚੰਦ ਯਮਲ੍ਹਾ ਜੱਟ ਤੋਂ ਵੀ ਗਾਇਕੀ ਦੇ ਗੁਣ ਹਾਸਲ ਕੀਤੇ। ਇਸਦੇ ਨਾਲ ਹੀ ਉਸਨੇ ਪੜ੍ਹਾਈ ਵੀ ਜਾਰੀ ਰੱਖੀ। ਸਕੂਲੀ ਵਿੱਦਿਆ ਹਾਸਲ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਕੀਤੀ ਅਤੇ ਫੇਰ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਸੰਗੀਤ ਦੀ ਡਿਗਰੀ ਪ੍ਰਾਪਤ ਕਰ ਲਈ। ਸਤਾਰਾਂ ਸਾਲ ਦੀ ਉਮਰ ਵਿੱਚ ਹੀ ਉਸ ਨੇ ਸਟੇਜ ਤੇ ਆਪਣਾ ਪਹਿਲਾ ਗੀਤ ‘‘ਉਹਨਾਂ ਕਹੀਆਂ ਤੇ ਮੈਂ ਸੁਣ ਲਈਆਂ’’ ਪੇਸ਼ ਕੀਤਾ ਸੀ, ਜਿਸਨੂੰ ਸਰੋਤਿਆਂ ਨੇ ਬਹੁਤ ਸਲਾਹਿਆ। ਇਸ ਉਪਰੰਤ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਗਾਇਕੀ ਨੂੰ ਸਮਰਪਿਤ ਹੋ ਗਈ। ਇਸ ਸਮੇਂ ਉਸਦਾ ਰੇਲਵੇ ਕਰਮਚਾਰੀ ਤੇ ਨਾਟਕਕਾਰ ਜਸਪਾਲ ਸਿੰਘ ਸੋਢੀ ਨਾਲ ਵਿਆਹ ਹੋ ਗਿਆ। ਪਰ ਉਸਨੇ ਵੀ ਗਾਇਕੀ ਤੋਂ ਰੋਕਣ ਦੀ ਬਜਾਏ ਨਰਿੰਦਰ ਨੂੰ ਪੂਰਾ ਸਹਿਯੋਗ ਦਿੱਤਾ। ਉਹਨਾਂ ਦੇ ਘਰ ਦੋ ਪੁੱਤਰ ਅਤੇ ਦੋ ਪੁੱਤਰੀਆਂ ਨੇ ਜਨਮ ਲਿਆ, ਦੋਵੇਂ ਪੁੱਤਰ ਲੰਡਨ ਏਅਰ ਲਾਈਨਜ਼ ਵਿੱਚ ਸਰਵਿਸ ਕਰਦੇ ਰਹੇ ਹਨ।

        ਨਰਿੰਦਰ ਬੀਬਾ ਨੇ ਸੋਲੋ ਅਤੇ ਦੋਗਾਣੇ ਦੋਵੇਂ ਤਰ੍ਹਾਂ ਦੇ ਗੀਤ ਗਾਏ। ਦੋਗਾਣਿਆਂ ਦੀ ਸ਼ੁਰੂਆਤ ਉਸਨੇ ਪ੍ਰਸਿੱਧ ਗਾਇਕ ਜਗਤ ਸਿੰਘ ਜੱਗਾ ਨਾਲ ਗਾ ਕੇ ਕੀਤੀ। ਇਸ ਉਪਰੰਤ ਉਸਨੇ ਪੰਜਾਬੀ ਦੇ ਉੱਘੇ ਗਾਇਕਾਂ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਦੀਦਾਰ ਸੰਧੂ, ਕਰਨੈਲ ਗਿੱਲ, ਗੁਰਚਰਨ ਪੋਹਲੀ, ਫਕੀਰ ਸਿੰਘ ਫਕੀਰ, ਮੁਹੰਮਦ ਰਫ਼ੀ, ਮਹਿੰਦਰ ਕੁਮਾਰ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਅਤੇ ਗੀਤ ਰਿਕਾਰਡ ਕਰਵਾਏ। ਪ੍ਰਸਿੱਧ ਹਿੰਦੀ ਗਾਇਕਾ ਆਸ਼ਾ ਭੌਸ਼ਲੇ ਨਾਲ ਵੀ ਉਸਨੇ ਸਾਂਝਾ ਗੀਤ ਗਾਇਆ। ਉੱਘੇ ਅਲਗੋਜਾਵਾਦਕ ਬੇਲੀ ਰਾਮ ਨੇ ਵੀ ਉਸਦਾ ਸਟੇਜਾਂ ਤੇ ਬਹੁਤ ਸਾਥ ਨਿਭਾਇਆ। ਆਪਣੇ ਜੀਵਨ ਵਿੱਚ ਉਸਨੇ ਕਰੀਬ ਸੱਤ ਹਜ਼ਾਰ ਗੀਤ ਗਾਏ, ਜਿਹਨਾਂ ਵਿੱਚ ਧਾਰਮਿਕ, ਸਮਾਜਿਕ, ਪ੍ਰੇਮ ਕਹਾਣੀਆਂ, ਗੁਰੂ ਮਹਿਮਾ, ਬਹਾਦਰੀ ਆਦਿ ਦੇ ਗੀਤ ਸ਼ਾਮਲ ਹਨ। ਗਾਇਕੀ ਵਜੋਂ ਪੰਜਾਬੀ ਫਿਲਮਾਂ ਵਿੱਚ ਪ੍ਰਵੇਸ਼ ਕਰਨ ਵਾਲੀ ਸਭ ਤੋਂ ਪਹਿਲੀ ਔਰਤ ਦਾ ਮਾਣ ਵੀ ਉਸਨੂੰ ਹਾਸਲ ਹੈ। ਕਰੀਬ ਦੋ ਦਰਜਨ ਫਿਲਮਾਂ ਲਈ ਵੀ ਉਸਨੇ ਗੀਤ ਰਿਕਾਰਡ ਕਰਵਾਏ। ਕੰਨ ਤੇ ਹੱਥ ਰੱਖ ਕੇ ਜਦ ਉਹ ਲੰਬੀ ਹੇਕ ਲਾਉਂਦੀ ਤਾਂ ਸਰੋਤੇ ਅਸ਼ ਅਸ਼ ਕਰ ਉੱਠਦੇ ਸਨ। ਉਸਨੇ ਬਹੁਤੇ ਗੀਤ ਦੇਵ ਥਰੀਕਿਆਂ ਵਾਲਾ, ਬਾਬੂ ਸਿੰਘ ਮਾਨ, ਇੰਦਰਜੀਤ ਹਸਨਪੁਰੀ ਦੇ ਲਿਖੇ ਹੋਏ ਰਿਕਾਰਡ ਕਰਵਾਏ।

        ਗੀਤਾਂ ਦੀ ਵੰਡ ਤੇ ਵਿਚਾਰ ਕਰੀਏ ਤਾਂ ਧਾਰਮਿਕ ਗੀਤ ਸਾਕਾ ਸਰਹਿੰਦ, ਰਣ ਗਗਨ ਦਮਾਮਾ ਵੱਜਿਆ, ਦੋ ਬੜੀਆਂ ਕੀਮਤੀ ਜਿੰਦਾਂ, ਚੰਨ ਮਾਤਾ ਗੁਜਰੀ ਦਾ, ਚਾਰ ਪੁੱਤਰ ਵਤਨਾ ਤੋਂ ਵਾਰੇ, ਬਹੁਤ ਮਕਬੂਲ ਹੋਏ ਹਨ। ਲੋਕ ਗੀਤ ਮਿਰਜਾ ਸਾਹਿਬਾਂ, ਸੱਸੀ ਪੁੰਨੂ ਬਹੁਤ ਸਲਾਹੇ ਗਏ। ਸਮਾਜਿਕ ਗੀਤ ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਮੁੱਖ ਮੋੜ ਗਿਆ ਦਿਲਾਂ ਦਾ ਜਾਨੀ, ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆ, ਕਾਹਨੂੰ ਮਾਰਦੈਂ ਚੰਦਰਿਆ ਛਮਕਾਂ, ਮੁਗਰਾਈ ਵਾਗੂੰ ਮੈਂ ਤਰਦੀ, ਆਦਿ ਹਰ ਪੰਜਾਬੀ ਸਰੋਤੇ ਦੀ ਜ਼ੁਬਾਨ ਤੇ ਚੜ੍ਹੇ ਹੋਏ ਸਨ। ਵਿਛੋੜੇ ਦੇ ਗੀਤ ਆਹ ਲੈ ਮਾਏ ਸਾਂਭ ਕੁੰਜੀਆਂ, ਚਾਰ ਦਿਨ ਮੌਜਾਂ ਮਾਣ ਕੇ, ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਹੱਥੀਂ ਤੋਰੇ ਸੱਜਣਾ ਨੂੰ, ਪੇਸ਼ ਕਰਦੀ ਤਾਂ ਸਰੋਤਿਆਂ ਦੇ ਦਿਲਾਂ ਨੂੰ ਧੂਹ ਪੈਣ ਲਾ ਦਿੰਦੀ। ਜੇ ਹਾਸੇ ਠੱਠੇ ਵਾਲੇ ਕਰੀਰ ਦਾ ਵੇਲਣਾ ਵੇ ਮੈਂ ਵੇਲ ਵੇਲ ਥੱਕੀ, ਲੱਡੂ ਖਾ ਕੇ ਤੁਰਦੀ ਬਣੀ, ਕਿੱਕਰ ਤੇ ਕਾਟੋ ਰਹਿੰਦੀ, ਸੁਣ ਕੇ ਸਰੋਤੇ ਖੁਸ਼ ਹੁੰਦੇ ਤਾਂ ਦਲੇਰੀ ਭਰੇ ਹੰਕਾਰ ਤੋੜਣ ਵਾਲੇ ਗੀਤ, ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾਂ ਵੇ ਅਸਾਂ ਨੀ ਕਨੌੜ ਝੱਲਣੀ, ਸੁਣ ਕੇ ਸਰੋਤਿਆਂ ਦਾ ਖੂਨ ਖੌਲ੍ਹਣ ਲੱਗ ਜਾਂਦਾ ਸੀ। 

        ਉਸਦੀ ਗਾਇਕੀ ਤੇ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰਖਦਿਆਂ ਵੱਖ ਵੱਖ ਸੰਸਥਾਵਾਂ, ਵਿਭਾਗਾਂ, ਪੰਜਾਬ ਸਰਕਾਰ ਆਦਿ ਤੋਂ ਉਸਨੂੰ ਸੈਂਕੜੇ ਹੀ ਇਨਾਮ ਤੇ ਸਨਮਾਨ ਮਿਲੇ। 1972 ਵਿੱਚ ਨੰਦ ਲਾਲ ਨੂਰਪੁਰੀ ਐਵਾਰਡ ਮਿਲਿਆ। 20 ਅਕਤੂਬਰ 1989 ਨੂੰ ਉਸਨੂੰ ਲੁਧਿਆਣਾ ਸਥਿਤ ਉਸਦੀ ਰਿਹਾਇਸ ਤੋਂ ਹਾਰ ਪਹਿਨਾ ਕੇ, ਸਜਾਏ ਹੋਏ ਹਾਥੀ ਤੇ ਬਿਠਾ ਕੇ ਪੰਜਾਬੀ ਭਵਨ ਲੁਧਿਆਣਾ ਲਿਜਾਇਆ ਗਿਆ ਜਿੱਥੇ ਉਸਨੂੰ ਪ੍ਰੋ: ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਨਰਿੰਦਰ ਬੀਬਾ ਜਿੱਥੇ ਉੱਘੀ ਗਾਇਕਾ ਸੀ, ਉੱਥੇ ਉੱਚ ਦਰਜੇ ਦੀ ਸਮਾਜ ਸੇਵਿਕਾ ਵੀ ਸੀ, ਉਹ ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਲਈ ਅਤੇ ਗਰੀਬ ਬੱਚਿਆਂ ਨੂੰ ਵਿੱਦਿਆ ਵਾਸਤੇ ਗੋਦ ਲੈ ਕੇ ਉਹਨਾਂ ਦੀ ਪੜ੍ਹਾਈ ਅਤੇ ਵਸੇਬੇ ਲਈ ਯਤਨ ਕਰਦੀ ਰਹਿੰਦੀ। ਉੱਭਰਦੇ ਕਲਾਕਾਰਾਂ ਨੂੰ ਹੌਂਸਲਾ ਦਿੰਦਿਆਂ ਉਹਨਾਂ ਦੀਆਂ ਕੈਸਿਟਾਂ ਕਰਵਾਉਣ ਲਈ ਵੀ ਮੱਦਦ ਕਰਦੀ ਰਹੀ।

        ਨਰਿੰਦਰ ਬੀਬਾ ਦੇ ਭਰਾ ਫਕੀਰ ਸਿੰਘ ਫਕੀਰ, ਅਮੀਰ ਸਿੰਘ ਰਾਣਾ ਤੇ ਰਣਬੀਰ ਸਿੰਘ ਰਾਣਾ ਅਤੇ ਭੈਣ ਸਤਿੰਦਰ ਬੀਬਾ ਵੀ ਗਾਉਂਦੇ ਸਨ, ਪਰ ਪ੍ਰਸਿੱਧੀ ਪੱਖੋਂ ਇਸ ਲੰਬੀ ਹੇਕ ਵਾਲੀ ਗਾਇਕਾ ਨੇ ਹੀ ਝੰਡੇ ਗੱਡੇ। ਮਿੱਠੀ ਆਵਾਜ਼ ਦੀ ਮਾਲਕ, ਪੰਜਾਬੀ ਦੀ ਪ੍ਰਸਿੱਧ ਗਾਇਕਾ, ਸਮਾਜ ਸੇਵਿਕਾ, ਲੋਕਾਂ ਦੀ ਹਮਦਰਦ ਨਰਿੰਦਰ ਬੀਬਾ 27 ਜੂਨ 1997 ਨੂੰ ਆਪਣੇ ਲੱਖਾਂ ਸਰੋਤਿਆਂ ਨੂੰ ਸਦੀਵੀ ਵਿਛੋੜਾ ਦੇ ਗਈ। ਉਹ ਭਾਵੇਂ ਸਰੀਰਕ ਤੌਰ ਤੇ ਪੰਜਾਬੀਆਂ ਵਿੱਚ ਸ਼ਾਮਲ ਨਹੀਂ ਹੈ ਪਰ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੀ ਰਹੇਗੀ। ਮਾਂ ਬੋਲੀ ਪੰਜਾਬੀ ਤੇ ਸੱਭਿਆਚਾਰ ਲਈ ਕੀਤੇ ਉਹਨਾਂ ਦੇ ਯਤਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਮੋਬਾ: 098882 75913

       

       

 


Post a Comment

0 Comments