ਗ਼ਜ਼ਲ ਅਤੇ ਨਜ਼ਮਾਂ / ਨਿਰਮਲ ਦੱਤ


ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ

 

ਜਿਸ ਲਈ ਅੱਖ ਦਾ ਸੁਰਮਾਂ ਸੀ, ਫੁੱਲ ਵਾਲਾਂ ਵਿੱਚ,

ਉਹ ਭਟਕਦਾ ਰਿਹਾ ਨਿਰਵਾਣ ਦੇ ਸਵਾਲਾਂ ਵਿੱਚ.

 

ਇਹ ਜੋ ਬੁੱਤ ਬਣ ਗਿਆ ਹੈ ਪਾਕੇ ਤੇਰੇ ਸਾਥ ਦੀ ਛੋਹ,

ਇਹ ਹੁਸਨ ਅੱਜ ਵੀ ਖ਼ੁਦਾ ਹੈ ਮੇਰੇ ਖ਼ਿਆਲਾਂ ਵਿੱਚ.

 

ਹਰ ਇੱਕ ਜਵਾਬ 'ਚੋਂ ਉੱਠਦੇ ਨੇ ਕਈ ਸਵਾਲ ਨਵੇਂ,

ਬੜਾ ਸਕੂਨ ਹੈ ਇਨਸਾਨ ਦੇ ਜੰਜਾਲਾਂ ਵਿੱਚ.  

 

ਇਹ ਜੋ ਅੱਜ ਖੇੜਿਆਂ 'ਚ ਲਾਸ਼ ਜਿਹੀ ਫਿਰਦੀ ਹੈ,

ਇਹੀ ਤਾਂ ਹੀਰ ਸੀ ਕੱਲ੍ਹ ਝੰਗ ਦਿਆਂ ਸਿਆਲਾਂ ਵਿੱਚ.

 

ਕਰਦਾ ਹਾਂ, ਬੰਦਗੀ ਮੈਂ ਰੱਬ ਦੀ ਵੀ ਕਰਦਾ ਹਾਂ,

ਤੂੰ ਨਹੀਂ ਹੁੰਦੀ ਜਦੋਂ ਮੇਰਿਆਂ ਖ਼ਿਆਲਾਂ ਵਿੱਚ. 

 

ਨਜ਼ਮਾਂ

 

'ਮੈਂ' ਜੋ ਦਿਸਦਾ ਨਹੀਂ

 

ਇਹ ਮੇਰਾ ਸੂਟ

ਸਵੈਟਰ

ਮੇਰੀ ਟਾਈ

ਮੇਰੇ ਬੂਟ

ਇਹ ਮੇਰਾ ਗਿਆਨ

ਮੇਰੀ ਸੂਝ

ਮੇਰੀ ਅਕਲ

ਮੇਰਾ ਸਾਊ ਵਿਹਾਰ

ਇਹ ਤਾਂ ਦਿਸਦਾ 'ਮੈਂ' ਹੈ;

 

'ਮੈਂ' ਜੋ ਦਿਸਦਾ ਨਹੀਂ

ਪਤੈ ਕੀ ਹੈ?

 

ਇਸ ਨੇ ਕੱਲ੍ਹ ਰਾਤ ਹੀ

ਦਾਲ਼ ਵਿੱਚ ਪਾਏ ਹੋਏ ਨਮਕ ਤੋਂ

ਪਤਨੀਂ ਨਾਲ਼ ਲੜ

ਵਾਲ਼ ਪੁੱਟੇ ਨੇ ਤੇ ਸਿਰ ਪਿੱਟਿਆ ਹੈ.

 

ਸ਼ੱਕ

 

ਮੇਰੇ ਕਮਰੇ ਦੀ

ਆਧੁਨਿਕ ਢੰਗ ਦੀ

ਸੋਹਣੀ ਜਿਹੀ ਜੋ ਮੇਜ਼ ਹੈ

ਉਸ 'ਤੇ

ਸੁੰਦਰ ਜਿਲਦ ਵਾਲੀ

"ਲੈਨਿਨ ਦੀ ਕਥਾ" ਪਈ ਹੈ;

ਤੇ ਇਸਦੇ ਕੋਲ਼ ਪਈ ਮੂਰਤ

ਵਿਵੇਕਾ ਨੰਦ ਦੀ ਨਹੀਂ

ਸਗੋਂ ਬ੍ਰੈਜਨੇਵ ਦੀ ਹੈ;

 

ਇਸੇ ਕਮਰੇ ਦੀ

ਡਿਸਟੈਂਪਰ-ਮਲੀ

ਹਰ ਕੰਧ ਉੱਤੇ

ਪਿਕਾਸੋ ਦੀ ਕਲਾ ਦੇ

ਕਈ ਨਮੂੰਨੇ ਲਟਕਦੇ ਨੇ;

 

ਮੈਂ ਜਦ ਵੀ

ਜ਼ਿੰਦਗੀ ਦੇ ਮਸਲਿਆਂ ਦੀ

ਗੱਲ ਕਰਦਾ ਹਾਂ

ਨੈਰੂਦਾ ਦੀ ਕਿਸੇ ਕਵਿਤਾ ਦਾ ਚਰਚਾ

ਲਾਜ਼ਮੀਂ ਕਰਦਾਂ;

 

ਕੀ

ਅਜੇ ਵੀ ਸ਼ੱਕ ਕਰਦੇ ਹੋ

ਕਿ ਮੈਂ "ਸਾਥੀ" ਨਹੀਂ ਹਾਂ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

             

Post a Comment

0 Comments