ਸਾਹਿਤ ਸਭਾ ਜ਼ੀਰਾ ਦਾ ਸਾਂਝਾ ਕਾਵਿ ਸੰਗ੍ਰਿਹ ਸੋਚਾਂ ਦੀ ਦਹਿਲੀਜ਼

ਪੁਸਤਕ ਰੀਵਿਊ



ਸਾਂਝਾ ਕਾਵਿ ਸੰਗ੍ਰਿਹ ਸੋਚਾਂ ਦੀ ਦਹਿਲੀਜ਼

ਬਹੁਤੀਆਂ ਸਾਹਿਤ ਸਭਾਵਾਂ ਆਮ ਤੌਰ 'ਤੇ ਆਪਣੀਆਂ ਮੀਟਿਗਾਂ ਕਰਕੇ ਆਪਣੇ ਮੈਂਬਰਾਂ ਦੀਆਂ ਰਚਨਾਵਾਂ ਸਾਂਝੀਆਂ ਕਰਦੀਆਂ ਹਨ ਜਾਂ ਸਾਲ ਛਿਮਾਹੀ ਕੋਈ ਸਾਹਿਤਕ ਸਮਾਗਮ ਦਾ ਆਯੋਜਨ ਕਰਦੀਆਂ ਹਨ। ਕੁੱਝ ਸਮੇਂ ਤੋਂ ਸਾਹਿਤ ਸਭਾਵਾਂ ਵੱਲੋਂ ਆਪਣੇ ਮੈਂਬਰਾਂ ਦੀਆਂ ਰਚਨਾਵਾਂ ਲੈਕੇ ਸਾਂਝੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਦਾ ਰੁਝਾਨ ਵੀ ਸਾਹਮਣੇ ਆ ਰਿਹਾ ਹੈ। ਅਜਿਹੀਆਂ ਸਾਹਿਤ ਸਭਾਵਾਂ ਵਿੱਚ ਸਾਹਿਤ ਸਭਾ ਜ਼ੀਰਾ ਦਾ ਵੀ ਜਿਕਰ ਆਉਂਦਾ ਹੈ। ਇਸ ਸਭਾ ਵੱਲੋਂ ਹੁਣ ਤੱਕ ਤਿੰਨ ਸਾਂਝੇ ਕਾਵਿ ਸੰਗ੍ਰਿਹ ਹਰਫ਼ਾਂ ਦਾ ਸਫ਼ਰ ,ਸ਼ਬਦਾਂ ਦੀ ਪਰਵਾਜ਼ ਅਤੇ ਸੋਚਾਂ ਦੀ ਦਹਿਲੀਜ਼ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ। ਨਵੇਂ ਪ੍ਰਕਾਸ਼ਿਤ ਹੋਏ ਕਾਵਿ ਸੰਗ੍ਰਹਿ ਸੋਚਾਂ ਦੀ ਦਹਿਲੀਜ਼ ਨੂੰ ਸੰਪਾਦਿਤ ਕਰਨ ਦੀ ਜਿੰਮੇਵਾਰੀ ਦਲਜੀਤ ਰਾਏ ਕਾਲੀਆ ਨੇ ਨਿਭਾਈ ਹੈ।

ਦਲਜੀਤ ਰਾਏ ਕਾਲੀਆ ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਤਿੰਨ ਪੁਸਤਕਾਂ ;ਭਾਰਤ ਦੇ ਉੱਘੇ ਸੁਤੰਤਰਤਾ ਸੰਗਰਾਮੀ ,ਗ਼ਦਰ ਲਹਿਰ ਦੇ ਸ਼ਹੀਦ ਅਤੇ ਉੱਘੇ ਗ਼ਦਰੀ ਸੂਰਬੀਰ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਹੱਥਲੇ ਕਾਵਿ ਸੰਗ੍ਰਹਿ ਤੋਂ ਇਲਾਵਾ ਵੀ ਉਨ੍ਹਾਂ ਨੇ ਪੰਡਿਤ  ਰਾਮ ਚੰਦ ਪੰਡੋਰੀ ਦੀ ਕਵੀਸ਼ਰੀ ਅਤੇ ਮਹਿਕ ਸ਼ਬਦਾਂ ਦੀ ਪੁਸਤਕਾਂ ਸੰਪਾਦਿਤ ਕੀਤੀਆਂ ਹਨ। ਉਹ ਵਾਰਤਕ ਦੇ ਨਾਲ-ਨਾਲ ਕਵਿਤਾ ਵੀ ਰਚਦੇ ਹਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਕਈ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਸ਼ਾਮਿਲ ਹਨ।

ਸੋਚਾਂ ਦੀ ਦਹਿਲੀਜ਼ ਪੁਸਤਕ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਾਹਿਤ ਸਭਾ ਜ਼ੀਰਾ ਦੇ ਮੈਂਬਰਾਂ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵਸਦੇ ਕਵੀਆਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪੁਸਤਕ ਵਿੱਚ ਕੁੱਲ 31 ਸ਼ਾਇਰਾਂ ਨੂੰ ਥਾਂ ਦਿੱਤੀ ਗਈ ਹੈ। ਜਿਸ ਵਿੱਚ  29 ਕਵੀ ਅਤੇ 2 ਕਵਿਤਰੀਆਂ ਸ਼ਾਮਿਲ ਹਨ।

31 ਸ਼ਾਇਰਾਂ ਦੀ ਵੱਖਰੀ ਵੱਖਰੀ ਸੋਚ ਉਡਾਰੀ, ਵੱਖਰੀ ਵਿਚਾਰਧਾਰਾ ਤੇ ਕਈ ਹੋਰ ਵਖਰੇਵਿਆਂ ਕਾਰਨ ਇਸ ਪੁਸਤਕ ਵਿੱਚ ਸ਼ਾਇਰੀ ਦੇ ਵੀ ਕਈ ਰੰਗ ਵੇਖਣ ਨੂੰ ਮਿਲਦੇ ਹਨ। ਇਸ ਵਿੱਚ ਕਵਿਤਾਵਾਂ ਦੇ ਨਾਲ ਗੀਤ ਅਤੇ ਗ਼ਜ਼ਲਾਂ ਵੀ ਹਨ ਤੇ ਖੁਲ੍ਹੀਆਂ ਕਵਿਤਾਵਾਂ ਵੀਇਨ੍ਹਾਂ ਕਵਿਤਾਵਾਂ ਵਿੱਚ ਜਿੱਥੇ ਲੋਕ ਪੱਖੀ ਨਜ਼ਰੀਆ ਪੇਸ਼ ਹੁੰਦਾ ਹੈ ਉੱਥੇ ਪਿਆਰ ਮੁਹੱਬਤ ਦੀ ਗੱਲ ਵੀ ਹੁੰਦੀ ਹੈ। ਕੁੱਝ ਕਵਿਤਾਵਾਂ ਗੀਤਾਂ ਰਾਹੀਂ ਵਹਿਮਾਂ ਭਰਮਾਂ ਅਤੇ ਵਾਤਾਵਰਨ ਪ੍ਰਤੀ ਚੇਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਕੁੱਝ ਰਚਨਾਵਾਂ ਸ਼ਰਧਾ ਭਾਵ ਜਾਂ ਧਾਰਮਿਕ ਪੱਖ ਤੋਂ ਰਚੀਆਂ ਗਈਆਂ ਹਨ। ਬੇਸ਼ਕ ਇੱਥੇ ਸਾਰੇ ਸ਼ਾਇਰਾਂ ਦੀ ਰਚਨਾ ਬਾਰੇ ਗੱਲ ਤਾਂ ਨਹੀਂ ਕੀਤੀ ਜਾ ਸਕਦੀ ਫਿਰ ਵੀ ਪੁਸਤਕ ਵਿੱਚੋਂ ਕੁੱਝ ਕੁ ਵੰਨਗੀਆਂ ਪਾਠਕਾਂ ਦੀ ਨਜ਼ਰ ਕਰਦੇ ਹਾਂ;

ਦੀਪ ਜ਼ੀਰਵੀ ਦੀਆਂ ਇਹ ਸਤਰਾਂ ਦੇਖੋ ;

ਸਾਹਵਾਂ ਦਾ ਨਾ ਚੱਲਣਾ ,ਧੜਕਣ ਰੁਕ ਜਾਣਾ।

ਦੁਨੀਆਂ ਸੋਚੇ ,ਇਹੋ ਹੁੰਦਾ ਮਰ ਜਾਣਾ।

ਨਜ਼ਰੋਂ ਗਿਰਿਆ ਵੀ ਤਾਂ ਮਰਿਆ ਹੁੰਦਾ ਹੈ।

ਲਾਜ਼ਮ ਨਹੀਓਂ ਚਾਰ ਕੰਧੇੜੀਂ ਚੜ੍ਹ ਜਾਣਾ।

ਸੜਕਾਂ ਤੇ ਤੇਜ਼ ਰਫ਼ਤਾਰੀ ਕਾਰਨ ਬੜੇ ਹਾਦਸੇ ਹੁੰਦੇ ਹਨ। ਤੇਜ ਰਫ਼ਤਾਰ ਤੇ ਅਣਗਹਿਲੀ ਨਾਲ ਗੱਡੀ ਚਲਾਉਣ ਵਾਲਿਆਂ 'ਤੇ ਲੋਕ ਆਪਣੇ ਆਪਣੇ ਢੰਗ ਨਾਲ ਗੁੱਸਾ ਵੀ ਜਾਹਰ ਕਰਦੇ ਹਨ। ਅਸ਼ੋਕ ਆਰਜੂ ਨੇ ਇਸਨੂੰ ਇਉਂ ਬਿਆਨ ਕੀਤਾ ਹੈ ;

ਲੰਘ ਜਾਣ ਦੇ ਜਲਦੀ ਲੰਘਣ ਵਾਲੇ ਨੂੰ।

ਕੀ ਕਹਿਣਾ ਏ ਆਪਾਂ ਐਡੇ ਕਾਹਲੇ ਨੂੰ।

ਜਿੱਥੇ ਇਹਨੇ ਜਾਣਾ ਓਥੇ ਮੈਂ ਜਾਣਾ ,

ਖੌਰੇ ਕਾਹਦੀ ਅੱਗ ਲੱਗੀ ਏ ਸਾਲੇ ਨੂੰ।

ਦੋ ਕਵਿੱਤਰੀਆਂ ਨਿਰਮਲ ਕੌਰ ਕੋਟੜਾ ਅਤੇ ਅੰਜੂ ਵੀ ਰੱਤੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਜਸਵਿੰਦਰ ਜਲੰਧਰੀ ਨੇ ਕਵਿਤਾ ਰਾਹੀਂ ਬੰਦਿਆਂ ਦੀਆਂ ਕਿਸਮਾਂ ਅਤੇ ਪੇਂਡੂ ਖੇਡਾਂ ਦਾ ਵਰਨਣ ਕੀਤਾ ਹੈ।

ਗੁਰਚਰਨ ਨੂਰਪੁਰ ਦੀਆਂ ਗ਼ਜ਼ਲਾਂ ਵੀ ਇਸ ਪੁਸਤਕ ਦਾ ਹਾਸਲ ਹਨ। ਇੱਕ ਸ਼ਿਅਰ ਵੇਖੋ;

ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਸਾਰਾ ਪੱਥਰਾਂ ਵਰਗਾ।

ਘਰਾਂ ਵਿੱਚ ਰਹਿਣ ਦੇਵੋ ਯਾਰੋ ,ਕੁੱਝ ਤਾਂ ਘਰਾਂ ਵਰਗਾ।

ਪੁਸਤਕ ਦੇ ਸੰਪਾਦਕ ਦਲਜੀਤ ਰਾਏ ਕਾਲੀਆ ਨੇ ਵੀ ਦੋਹੇ ਅਤੇ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਈ ਹੈ।

ਪੁਸਤਕ ਦੀ ਇੱਕ ਗੱਲ ਹੋਰ ਵਰਨਣਯੋਗ ਹੈ। ਹਰੇਕ ਸ਼ਾਇਰ ਦੀਆਂ ਰਚਨਾਵਾਂ ਦੇਣ ਤੋਂ ਪਹਿਲਾਂ ਕਿਸੇ ਨਾਮੀ ਸ਼ਾਇਰ ਦਾ ਕੋਈ ਨਾ ਕੋਈ ਚਰਚਿਤ ਸ਼ਿਅਰ ਦਿੱਤਾ ਗਿਆ ਹੈ। ਸਾਹਿਤ ਸਭਾ ਜ਼ੀਰਾ ਅਤੇ ਦਲਜੀਤ ਰਾਏ ਕਾਲੀਆ ਦਾ ਇਹ ਉਪਰਾਲਾ ਸਲਾਘਾਯੋਗ ਹੈ। 168 ਪੰਨਿਆਂ ਦੀ ਇਸ ਪੁਸਤਕ ਨੂੰ ਊੜਾ ਪਬਲੀਕੇਸ਼ਨ ਮੋਗਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਕੀਮਤ 250 ਰੁਪਏ ਹੈ।

ਸਰਬਜੀਤ ਧੀਰ

ਮੋਬਾਈਲ -88722-18418

email-editor@sahitaksanjh.com

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -

ਵੀਡੀਓ ਦੇਖਣ ਲਈ ਕਲਿੱਕ ਕਰੋ -

Post a Comment

0 Comments